ਪੰਜਾਬ ਭਾਜਪਾ ''ਚ ਵਧਿਆ ਕਲੇਸ਼! ਨੋਟਿਸ ਮਿਲਣ ਮਗਰੋਂ ਅਨਿਲ ਜੋਸ਼ੀ ਨੇ ਕਹਿ ਦਿੱਤੀ ਇਹ ਵੱਡੀ ਗੱਲ
Wednesday, Jul 07, 2021 - 02:35 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਹੋਣ ਤੋਂ ਬਾਅਦ ਪਾਰਟੀ ਅੰਦਰ ਕਲੇਸ਼ ਵੱਧ ਗਿਆ ਹੈ। ਨੋਟਿਸ ਜਾਰੀ ਹੋਣ ਤੋਂ ਖਫ਼ਾ ਹੋਏ ਅਨਿਲ ਜੋਸ਼ੀ ਨੇ ਸੂਬਾ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਤਿੱਖਾ ਹਮਲਾ ਕੀਤਾ ਹੈ। ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸ਼ਵਨੀ ਸ਼ਰਮਾ ਪੰਜਾਬ ਦੇ ਕਿਸਾਨਾਂ ਦੇ ਮਾਮਲੇ ਨੂੰ ਕੇਂਦਰ ਸਾਹਮਣੇ ਸਹੀ ਤਰ੍ਹਾਂ ਨਹੀਂ ਰੱਖ ਸਕੇ।
ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ
ਅਨਿਲ ਜੋਸ਼ੀ ਨੇ ਕਿਹਾ ਕਿ ਪਾਰਟੀ ਖ਼ਿਲਾਫ਼ ਅੱਜ ਤੱਕ ਉਨ੍ਹਾਂ ਨੇ ਕੋਈ ਗੱਲ ਨਹੀਂ ਕੀਤੀ, ਸਗੋਂ ਹਮੇਸ਼ਾ ਪਾਰਟੀ ਨੂੰ ਬਚਾਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਟੀਮ ਕੇਂਦਰ ਸਾਹਮਣੇ ਪੰਜਾਬ ਦੀਆਂ ਸਮੱਸਿਆਵਾਂ ਰੱਖਣ 'ਚ ਨਾਕਾਮ ਸਾਬਿਤ ਹੋਈ ਹੈ, ਇਸ ਲਈ ਅਸਤੀਫ਼ਾ ਤਾਂ ਅਸ਼ਵਨੀ ਸ਼ਰਮਾ ਨੂੰ ਪੂਰੀ ਟੀਮ ਸਮੇਤ ਦੇਣਾ ਚਾਹੀਦਾ ਹੈ, ਜੋ ਮੈਨੂੰ ਨੋਟਿਸ ਦੇ ਰਹੇ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਵਰਕਰ ਦੇ ਮਨ ਦੀ ਗੱਲ ਕਰਨਾ ਅਤੇ ਪਾਰਟੀ ਨੂੰ ਬਚਾਉਣ ਦੀ ਗੱਲ ਕਰਨਾ ਅਨੁਸ਼ਾਸਨਹੀਣਤਾ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਵੱਡੀ ਵਾਰਦਾਤ, ਸਾਬਕਾ ਗੈਂਗਸਟਰ 'ਕੁਲਵੀਰ ਨਰੂਆਣਾ' ਦਾ ਗੋਲੀਆਂ ਮਾਰ ਕੇ ਕਤਲ (ਤਸਵੀਰਾਂ)
ਅਨਿਲ ਜੋਸ਼ੀ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਇਕ ਵਾਰ ਵੀ ਕਿਸਾਨਾਂ ਦੀ ਗੱਲ ਕੇਂਦਰ ਨਾਲ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਇਹੀ ਫੀਡਬੈਕ ਦਿੰਦੇ ਰਹੇ ਕਿ ਪੰਜਾਬ ਦੇ ਕਿਸਾਨ ਬੇਹੱਦ ਖੁਸ਼ ਹਨ। ਇਸ ਨਾਲ ਕਿਸਾਨ ਪਹਿਲਾਂ ਦਿੱਲੀ ਗਏ ਅਤ ਹੌਲੀ-ਹੌਲੀ ਇਸ ਅੰਦੋਲਨ ਬਾਰੇ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਦੀ ਅਸਲੀ ਕਿਰਕਿਰੀ ਕਰਾਉਣ ਵਾਲੇ ਤਾਂ ਇਹੀ ਹਨ।
ਦੱਸਣਯੋਗ ਹੈ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ ਸ਼ਰਮਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡਾ. ਸੁਭਾਸ਼ ਸ਼ਰਮਾ ਨੇ ਅਨਿਲ ਜੋਸ਼ੀ ਨੂੰ ਜਾਰੀ ਨੋਟਿਸ ਵਿਚ ਦੋ ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣ ਲਈ ਸਮਾਂ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ, ਜੋ ਪਾਰਟੀ ਵਿਰੋਧੀ ਗਤੀਵਿਧੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ