ਗੁੱਸੇ ’ਚ ਆਏ ਪਰਿਵਾਰ ਨੇ ਥਾਣਾ ਘੇਰਿਆ, ਪੀ. ਸੀ. ਇੰਚਾਰਜ ਦੀ ਬਜਾਏ ਹੋਮਗਾਰਡ ’ਤੇ  ਕੇਸ ਦਰਜ

Tuesday, Jul 24, 2018 - 06:32 AM (IST)

ਗੁੱਸੇ ’ਚ ਆਏ ਪਰਿਵਾਰ ਨੇ ਥਾਣਾ ਘੇਰਿਆ, ਪੀ. ਸੀ. ਇੰਚਾਰਜ ਦੀ ਬਜਾਏ ਹੋਮਗਾਰਡ ’ਤੇ  ਕੇਸ ਦਰਜ

ਚੰਡੀਗਡ਼੍ਹ, (ਸੁਸ਼ੀਲ)- ਪੀ. ਸੀ. ਆਰ.  ਗੱਡੀ ਦੀ ਟੱਕਰ ਨਾਲ ਮੋਟਰਸਾਈਕਲ  ਸਵਾਰ ਨੌਜਵਾਨ ਅਸ਼ੋਕ ਦੀ ਮੌਤ ਦੇ ਮਾਮਲੇ ’ਚ ਪੁਲਸ ਨੇ ਪੀ. ਸੀ. ਆਰ. ਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।  ਸੈਕਟਰ-31 ਥਾਣਾ ਪੁਲਸ ਨੇ ਹੈੱਡ ਕਾਂਸਟੇਬਲ ਮਦਨ ਲਾਲ ਦੀ ਸ਼ਿਕਾਇਤ ’ਤੇ ਮ੍ਰਿਤਕ ’ਤੇ ਹੀ ਮਾਮਲਾ ਦਰਜ ਕਰ ਲਿਆ। ਪਰਿਵਾਰ ਨੂੰ ਜਦੋਂ ਇਸਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸੋਮਵਾਰ ਸਵੇਰੇ ਸੈਕਟਰ-31 ਥਾਣੇ ਦਾ ਘਿਰਾਓ ਕੀਤਾ। ਉਨ੍ਹਾਂ ਨੇ ਚੰਡੀਗਡ਼੍ਹ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਥਾਣੇ ਦੇ ਬਾਹਰ ਸਡ਼ਕ ’ਤੇ ਜਾਮ ਲਾ ਦਿੱਤਾ। 
ਮ੍ਰਿਤਕ ਦੀ ਪਤਨੀ ਆਸ਼ਾ ਨੇ ਪੀ. ਸੀ. ਆਰ.  ਡਰਾਈਵਰ ਤੇ ਇੰਚਾਰਜ ’ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਚਾਰ ਘੰਟੇ  ਚੱਲੀ ਨਾਅਰੇਬਾਜ਼ੀ ਤੋਂ ਬਾਅਦ ਪੁਲਸ ਨੇ ਆਸ਼ਾ ਤੋਂ ਪੀ. ਸੀ. ਆਰ. ਕਰਮਚਾਰੀਆਂ ਖਿਲਾਫ ਸ਼ਿਕਾਇਤ ਲਈ ਤੇ ਪੀ. ਸੀ. ਆਰ. ਗੱਡੀ ਚਾਲਕ ਹੋਮਗਾਰਡ ਨਿਰੇਸ਼ ’ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਤੇ ਗੈਰ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕਰ ਲਿਆ। ਹਾਲਾਂਕਿ ਹਾਦਸੇ ਸਮੇਂ ਪੀ. ਸੀ. ਆਰ. ਇੰਚਾਰਜ ਹੈੱਡ ਕਾਂਸਟੇਬਲ ਮਦਨ ਲਾਲ ਗੱਡੀ ਚਲਾ ਰਿਹਾ ਸੀ।  ਪੁਲਸ ਹੁਣ ਪੀ. ਸੀ. ਆਰ. ਗੱਡੀ ਤੇ ਮ੍ਰਿਤਕ ਦੀ ਮੋਟਰਸਾਈਕਲ  ਨੂੰ ਜਾਂਚ ਲਈ ਸੀ. ਐੱਫ. ਐੱਸ. ਐੱਲ.  ਭੇਜੇਗੀ। ਪੁਲਸ ਮੰਗਲਵਾਰ ਨੂੰ ਅਸ਼ੋਕ ਕੁਮਾਰ   ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪੇਗੀ। ਹਾਦਸੇ ’ਚ ਨੁਕਸਾਨੀ  ਪੀ. ਸੀ. ਆਰ.  ਗੱਡੀ ਦੀ ਕੋਈ ਇੰਸ਼ੋਰੈਂਸ ਨਹੀਂ ਹੈ। ਪੁਲਸ ਦੀਆਂ ਸਾਰੀਆਂ ਗੱਡੀਆਂ ਬਿਨਾਂ ਇੰਸੋਰੈਂਸ ਦੇ ਹੀ ਦੌਡ਼ ਰਹੀਆਂ ਹਨ। 
ਹੈੱਡ ਕਾਂਸਟੇਬਲ ਨੇ ਧਮਕਾਇਆ 
ਰਾਮਦਰਬਾਰ ਫੇਜ਼-2 ਨਿਵਾਸੀ ਆਸ਼ਾ ਨੇ ਦੱਸਿਆ ਕਿ ਉਸਦਾ ਪਤੀ ਅਸ਼ੋਕ ਪੰਚਕੂਲਾ ਸੈਕਟਰ-20 ’ਚ ਵੈਲਡਿੰਗ ਦਾ ਕੰਮ ਕਰਦਾ ਸੀ। ਐਤਵਾਰ ਰਾਤ  ਨੂੰ ਅਸ਼ੋਕ ਆਪਣੇ ਦੋਸਤ ਕਪਿਲ ਨਾਲ ਘਰ ਆ ਰਿਹਾ ਸੀ। ਉਨ੍ਹਾਂ ਨੂੰ ਬਿਨਾਂ ਹੈਲਮੇਟ ਵੇਖ ਕੇ ਪੀ. ਸੀ. ਆਰ.  ਕਰਮਚਾਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਏਅਰਪੋਰਟ ਲਾਈਟ ਪੁਆਇੰਟ ’ਤੇ ਪੀ. ਸੀ. ਆਰ. ਚਾਲਕ ਨੇ ਉਨ੍ਹਾਂ ਦੀ ਮੋਟਰਸਾਈਕਲ  ਨੂੰ ਸਾਈਡ ਮਾਰ ਦਿੱਤੀ। ਇਸ ਹਾਦਸੇ ’ਚ ਉਸਦੇ ਪਤੀ ਦੀ ਮੌਤ ਹੋ ਗਈ। 
ਉਨ੍ਹਾਂ ਨੇ ਦੱਸਿਆ ਕਿ ਪਤੀ ਦੇ ਦੋਸਤ ਕਪਿਲ ਨੂੰ ਪੀ. ਸੀ. ਆਰ.  ਇੰਚਾਰਜ ਹੈੱਡ ਕਾਂਸਟੇਬਲ ਨੇ ਧਮਕਾਇਆ ਕਿ ਜੇਕਰ ਉਹ ਉਨ੍ਹਾਂ ਖਿਲਾਫ ਬਿਆਨ ਦੇਵੇਗਾ ਤਾਂ ਉਸ ਖਿਲਾਫ ਹੀ ਮਾਮਲਾ ਦਰਜ ਹੋਵੇਗਾ।  ਪੁਲਸ ਕਰਮਚਾਰੀਆਂ ਨੇ ਕਪਿਲ ਨੂੰ ਰਾਤ ਨੂੰ ਹੀ ਗਾਇਬ ਕਰ ਦਿੱਤਾ ਸੀ। ਕਪਿਲ ਪੁਲਸ ਕਰਮਚਾਰੀਆਂ ਦੇ ਡਰ  ਤੋਂ ਘਟਨਾ ਬਾਰੇ ਕੁਝ ਨਹੀਂ ਦੱਸ ਰਿਹਾ ਸੀ।  ਮ੍ਰਿਤਕ ਦੇ ਪਿਤਾ ਦੁਸਈ ਨੇ ਦੱਸਿਆ ਕਿ ਜੇਕਰ ਉਸਦਾ ਪੁੱਤਰ ਬਿਨਾਂ ਹੈਲਮੇਟ ਦੇ ਸੀ ਤਾਂ ਉਸਨੂੰ ਰੋਕ ਕੇ ਚਲਾਨ ਕੱਟ ਦਿੰਦੇ, ਗੱਡੀ ਨਾਲ ਟੱਕਰ ਮਾਰਨ ਦੀ ਕੀ ਜ਼ਰੂਰਤ ਸੀ। ਅਸ਼ੋਕ ਦੇ ਦੋ ਛੋਟੇ-ਛੋਟੇ ਬੱਚੇ ਹਨ, ਹੁਣ ਉਨ੍ਹਾਂ ਨੂੰ ਕੌਣ ਪਾਲੇਗਾ।  
ਗੱਡੀ ਚਲਾ ਰਿਹਾ ਸੀ ਹੈੱਡ ਕਾਂਸਟੇਬਲ, ਮਾਮਲਾ ਦਰਜ ਹੋਇਆ ਹੋਮਗਾਰਡ ’ਤੇ 
ਹਾਦਸੇ ਦੌਰਾਨ ਪੀ. ਸੀ. ਆਰ. ਇੰਚਾਰਜ ਹੈੱਡ ਕਾਂਸਟੇਬਲ ਮਦਨ ਲਾਲ ਗੱਡੀ ਚਲਾ ਰਿਹਾ ਸੀ। ਹੋਮਗਾਰਡ ਸਾਈਡ ਵਾਲੀ ਸੀਟ ’ਤੇ ਬੈਠਾ ਸੀ ਪਰ ਪੁਲਸ ਨੇ ਹੋਮਗਾਰਡ ਨਿਰੇਸ਼ ’ਤੇ ਕੇਸ ਦਰਜ ਕੀਤਾ ਹੈ। ਉਧਰ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਗੱਡੀ ਕੌਣ ਚਲਾ ਰਿਹਾ ਸੀ।  
 


Related News