ਆਂਗਣਵਾੜੀ ਵਰਕਰਾਂ ਨੇ ਜ਼ਿਲਾ ਸਿੱਖਿਆ ਅਫਸਰ ਦਫਤਰ ਅੱਗੇ ਦਿੱਤਾ ਵਿਸ਼ਾਲ ਰੋਸ ਧਰਨਾ

Tuesday, Nov 14, 2017 - 07:55 PM (IST)

ਆਂਗਣਵਾੜੀ ਵਰਕਰਾਂ ਨੇ ਜ਼ਿਲਾ ਸਿੱਖਿਆ ਅਫਸਰ ਦਫਤਰ ਅੱਗੇ ਦਿੱਤਾ ਵਿਸ਼ਾਲ ਰੋਸ ਧਰਨਾ

ਮਾਨਸਾ (ਬਲਵਿੰਦਰ ਜੱਸਲ)-ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਮਾਨਸਾ ਨੇ ਸੂਬਾ ਕਮੇਟੀ ਦੇ ਸੱਦੇ ਤੇ 3 ਤੋ 6 ਸਾਲ ਦੇ ਬੱਚਿਆਂ ਨੂੰ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ 'ਚ ਦਾਖਲ ਕਰਨ ਦੇ ਵਿਰੋਧ 'ਚ ਕਾਲੀਆਂ ਚੁੰਨੀਆਂ ਕਾਲੇ ਝੰਡੇ ਲੈ ਕੇ ਕਾਲਾ ਦਿਵਸ ਮਨਾਉਂਦਿਆ ਜ਼ਿਲਾ ਸਿੱਖਿਆ ਅਫਸਰ, ਮਾਨਸਾ ਦੇ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਇਹ ਫੈਸਲਾ ਵੀ ਲਿਆ ਕਿ ਜਿਨ੍ਹਾਂ 'ਚ ਪੰਜਾਬ ਸਰਕਾਰ ਇਸ ਨਾਦਰਸ਼ਾਹੀ ਫੁਰਮਾਨ ਨੂੰ ਵਾਪਸ ਨਹੀਂ ਲੈਦੀ ਉਦੋ ਤੱਕ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹਾਜ਼ਰ ਸਭਨਾਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਜ਼ਿਲਾ ਪ੍ਰਧਾਨ ਨੇ ਕੀਤਾ ਸੰਬੋਧਨ
ਇਸ ਦੌਰਾਨ ਹਾਜ਼ਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਜ਼ਿਲਾ ਪ੍ਰਧਾਨ ਬਲਵੀਰ ਕੌਰ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਪ੍ਰੀ-ਨਰਸਰੀ ਸਕੂਲਾਂ 'ਚ ਛੋਟੇ ਬੱਚਿਆਂ ਨੂੰ ਦਾਖਲ ਕਰਕੇ ਆਂਗਣਵਾੜੀ ਸੈਂਟਰਾਂ ਨੂੰ ਤਬਾਹ ਕਰਨ ਤੇ ਤੁੱਲੀ ਹੋਈ ਹੈ ਅਤੇ ਆਂਗਣਵਾੜੀ ਸੈਂਟਰਾਂ ਤੋ ਬੱਚੇ ਖੋਹ ਕੇ ਆਂਗਣਵਾੜੀ ਸੈਂਟਰਾਂ 'ਚ ਕੰਮ ਕਰਦੀਆਂ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਵੱਲ ਧੱਕ ਕੇ ਉਨ੍ਹਾਂ ਦੇ ਪੇਟ 'ਚ ਲੱਤ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਅੱਜ 14 ਨਵੰਬਰ ਤੋ 3 ਤੋ 6 ਸਾਲ ਦੇ ਬੱਚਿਆਂ ਨੂੰ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ 'ਚ ਦਾਖਲ ਕਰਨ ਦਾ ਅੱਜ ਦੇ ਰੋਸ ਧਰਨੇ 'ਚ ਸਖਤ ਵਿਰੋਧ ਕੀਤਾ ਜਾ ਰਿਹਾ ਹੈ।
ਨੋਟੀਫੀਕੇਸ਼ਨ ਜਾਰੀ ਕਰਨ ਦੀ ਰੱਖੀ ਮੰਗ
ਲੰਘੇ ਦਿਨ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ 'ਚ ਸਿੱਖਿਆ ਮੰਤਰੀ ਨੇ ਇਹ ਫੈਸਲਾ ਬਦਲਣ ਦਾ ਵਿਸਵਾਸ਼ ਦਿੱਤਾ ਸੀ ਪਰ ਇਸ ਮੀਟਿੰਗ ਬਾਰੇ ਹਾਲ ਤੱਕ ਕੋਈ ਨੋਟੀਫੀਕੇਸ਼ਨ ਜਾਰੀ ਨਹੀ ਕੀਤਾ। ਇਸ ਲਈ ਜਥੇਬੰਦੀ ਨੇ ਇਸ ਸੰਬੰਧੀ ਨੋਟੀਫੀਕੇਸ਼ਨ ਜਲਦ ਜਾਰੀ ਕਰਨ ਦੀ ਮੰਗ ਰੱਖੀ। 
ਜਥੇਬੰਦੀ ਨੇ ਦਿੱਤੀ ਚੇਤਾਵਨੀ
ਜਥੇਬੰਦੀ ਨੇ ਰੋਸ ਧਰਨੇ 'ਚ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ 3 ਤੋ 6 ਸਾਲ ਦੇ ਬੱਚਿਆਂ ਨੂੰ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ 'ਚ ਦਾਖਲ ਕਰਨ ਦਾ ਫੈਸਲਾ ਨਾ ਬਦਲਿਆਂ ਤਾਂ ਜਥੇਬੰਦੀ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।
ਕੌਣ ਕੌਣ ਸਨ ਹਾਜ਼ਰ
ਇਸ ਮੌਕੇ ਜਸਵੰਤ ਕੌਰ ਭੀਖੀ, ਜਸਪਾਲ ਕੌਰ ਝੁਨੀਰ , ਵੀਰਪਾਲ ਕੌਰ ਬੁਢਲਾਡਾ, ਰਣਵੀਰ ਕੌਰ , ਸਿਮਰਜੀਤ ਕੌਰ, ਸੁਖਦੀਪ ਕੌਰ ਰੱਲਾ, ਅਮਰਜੀਤ ਕੌਰ ਮਾਨਸਾ, ਸ਼ਿੰਦਰ ਕੌਰ, ਮਲਕੀਤ ਕੌਰ ਬੁਰਜ, ਸਤਵਿੰਦਰ ਕੌਰ, ਪਿੰਦਰ ਕੌਰ, ਮਹਿੰਦਰ ਕੌਰ, ਮਨਦੀਪ ਕੌਰ, ਮਨਜੀਤ ਸ਼ਰਮਾ,ਬਲਜੀਤ ਕੌਰ, ਪੁਸ਼ਵਿੰਦਰ ਕੌਰ, ਨਸੀਬ ਕੌਰ , ਸੋਮਾ ਰਾਣੀ ਕੁਲਰੀਆਂ ਆਦਿ ਸ਼ਾਮਲ ਸਨ।


Related News