ਆਂਗਣਵਾੜੀ ਵਰਕਰਾਂ ਨੇ ਸਿੱਖਿਆ ਸਕੱਤਰ ਦੇ ਖਿਲਾਫ ਕੱਢਿਆ ਰੋਸ ਮਾਰਚ

10/26/2017 3:15:36 AM

ਸੁਲਤਾਨਪੁਰ ਲੋਧੀ,   (ਧੀਰ)-  ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਸਿੱਖਿਆ ਸ਼ੁਰੂ ਕਰਨ ਦੇ ਫੈਸਲੇ ਦੇ ਵਿਰੋਧ 'ਚ ਅੱਜ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਨੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਫੈਸਲੇ ਦੇ ਵਿਰੁੱਧ ਪੰਜਾਬ ਸਰਕਾਰ ਦੇ ਨਾਮ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪੀ. ਏ. ਰਵੀ ਕੁਮਾਰ ਨੂੰ ਮੰਗ ਪੱਤਰ ਸੌਂਪਦੇ ਹੋਏ ਇਸ ਫੈਸਲੇ ਨੂੰ ਤੁਰੰਤ ਰੱਦ ਕਰਵਾਉਣ ਦੀ ਮੰਗ ਕੀਤੀ।
 ਆਂਗਣਵਾੜੀ ਵਰਕਰਾਂ ਨੇ ਵੱਡੀ ਗਿਣਤੀ 'ਚ ਗਲੀਆਂ ਬਾਜ਼ਾਰਾਂ 'ਚ ਰੋਸ ਮਾਰਚ ਕੱਢਦਿਆਂ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਦੇ ਨਾਮ ਇਕ ਖੁੱਲ੍ਹਾ ਖਤ ਵੀ ਭੇਜਿਆ।
 ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਇਹ ਤੁਗਲਕੀ ਫੈਸਲਾ ਹੈ, ਜਿਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 3 ਸਾਲ ਦੇ ਬੱਚੇ ਅੱਜ ਤੋਂ ਹੀ ਦਾਖਲ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ ਜਦਕਿ ਪੂਰੇ ਭਾਰਤ 'ਚ ਇਹ ਬੱਚੇ ਆਂਗਣਵਾੜੀ ਕੇਂਦਰਾਂ 'ਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਨੇ ਇਹ ਨਾਦਰਸ਼ਾਹੀ ਫਰਮਾਨ ਰਾਹੀਂ 30 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 42 ਸਾਲਾਂ ਤੋਂ ਇਨ੍ਹਾਂ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਸਿੱਖਿਆ ਦੇ ਰਹੀਆਂ ਹਾਂ ਪਰ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਬੱਚਿਆਂ ਨੂੰ ਸਹੂਲਤ ਦਿੱਤੀ ਤੇ ਨਾ ਹੀ ਆਂਗਣਵਾੜੀ ਵਰਕਰਾਂ ਵੱਲ ਧਿਆਨ ਦਿੱਤਾ।  ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਮਨਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਲੰਬੇ ਸਮੇਂ ਤੋਂ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਸਿੱਖਿਆ ਦੇ ਕੇ ਭੇਜਦੀਆਂ ਹਨ। ਉਲਟਾ ਅਸੀਂ ਮੰਗ ਕਰਦੀਆਂ ਰਹੀਆਂ ਕਿ ਸਕੂਲਾਂ 'ਚ ਦਾਖਲਾ ਕਰਦੇ ਸਮੇਂ ਆਂਗਣਵਾੜੀ ਦਾ ਸਰਟੀਫਿਕੇਟ ਲਾਜ਼ਮੀ ਕੀਤਾ ਜਾਵੇ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ।
 ਉਨ੍ਹਾਂ ਕਿਹਾ ਕਿ ਅੱਜ ਸਾਨੂੰ ਈ. ਜੀ. ਐੱਸ. ਵਾਲੇ ਕਰਮਚਾਰੀਆਂ ਤੋਂ ਦਸ ਪੜ੍ਹੀਆਂ ਅਨਪੜ੍ਹ ਅਖਵਾਇਆ ਜਾ ਰਿਹਾ ਹੈ ਜਦਕਿ ਸਾਡੀਆਂ 86 ਫੀਸਦੀ ਤੋਂ ਉਪਰ ਵਰਕਰਾਂ ਬੀ. ਏ., ਐੱਮ. ਏ., ਡਬਲ ਐੱਮ. ਏ., ਐੱਮ. ਫਿਲ., ਪੀ. ਜੀ. ਡੀ. ਸੀ. ਏ., ਤਿੰਨ-ਤਿੰਨ ਟੀ. ਈ. ਟੀ. ਕਲੀਅਰ ਹਨ, ਇਥੋਂ ਤੱਕ ਕਿ ਪੀ. ਐੱਚ. ਡੀ. ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਦਨਾਮ ਕਰ ਕੇ ਸਾਡੇ ਸੈਂਟਰ ਬੰਦ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਇਸ ਮੌਕੇ ਜਤਿੰਦਰ ਕੌਰ ਸਰਕਲ ਪ੍ਰਧਾਨ, ਪਰਮਜੀਤਪੁਰ, ਕੁਲਵਿੰਦਰ ਕੌਰ ਬੂਸੋਵਾਲ, ਸੁਖਵਿੰਦਰ ਕੌਰ, ਰਣਜੀਤ ਕੌਰ, ਸਵਿਤਾ, ਜਸਵਿੰਦਰ ਕੌਰ, ਹਰਜਿੰਦਰ ਕੌਰ ਆਦਿ ਸਮੂਹ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।


Related News