ਆਂਗਣਵਾੜੀ ਵਰਕਰ ਦਾ ਜ਼ਾਲਮ ਸਹੁਰਿਆਂ ਨਾਲ ਪਿਆ ਵਾਹ, ਅਸ਼ਲੀਲ ਵੀਡੀਓ ਬਣਾਉਣ ਤੱਕ ਪੁੱਜੀਆਂ ਗੱਲਾਂ

11/26/2020 8:52:55 AM

ਖਮਾਣੋਂ (ਜਟਾਣਾ) : ਪਿੰਡ ਅਮਰਾਲਾ ਦੀ ਇਕ ਆਂਗਣਵਾੜੀ ਵਰਕਰ ਦਾ ਜ਼ਾਲਮ ਸਹੁਰਿਆਂ ਨਾਲ ਵਾਹ ਪੈ ਗਿਆ ਅਤੇ ਉਸ ਨੇ ਸਹੁਰਿਆਂ 'ਤੇ ਕੁੱਟਮਾਰ ਕਰਨ ਦੇ ਨਾਲ-ਨਾਲ ਅਸ਼ਲੀਲ ਵੀਡੀਓ ਬਣਾਉਣ ਦੇ ਵੀ ਕਥਿਤ ਦੋਸ਼ ਲਾਏ ਹਨ। ਡਬਲ ਐੱਮ. ਏ., ਆਂਗਨਵਾੜੀ ਵਰਕਰ ਨੂੰ ਆਪਣੇ ਹੀ ਸਹੁਰਿਆਂ ਹੱਥੋਂ ਜ਼ਲੀਲ ਹੋਣਾ ਪੈ ਰਿਹਾ ਹੈ। ਇਸ ਸਬੰਧੀ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਰਸਿਮਰਨਜੀਤ ਕੌਰ ਪੁੱਤਰੀ ਅਮਰੀਕ ਸਿੰਘ ਵਾਸੀ ਪਿੰਡ ਮਹੇਸ਼ਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਿੰਡ ਅਮਰਾਲਾ ਵਿਖੇ ਅੰਮ੍ਰਿਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਨਾਲ ਡੇਢ ਸਾਲ ਪਹਿਲਾਂ ਵਿਆਹੀ ਸੀ, ਉਹ ਸਿਰਫ ਤਿੰਨ ਭੈਣਾਂ ਹੀ ਹਨ, ਸਿਰ ’ਤੇ ਭਰਾ ਨਾ ਹੋਣ ਕਰ ਕੇ ਮੇਰਾ ਸਹੁਰਾ ਪਰਿਵਾਰ ਪੇਕਿਆਂ ਤੋਂ ਜ਼ਮੀਨ, ਪੈਸਾ ਅਤੇ ਹੋਰ ਦਾਜ ਲਿਆਉਣ ਲਈ ਮੇਰੀ ਕੁੱਟਮਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਭੇੜੀਏ ਨੇ 4 ਦਿਨਾਂ ਤੱਕ ਕੁੜੀ ਨਾਲ ਕੀਤੀ ਦਰਿੰਦਗੀ, ਵਿਆਹੁਤਾ ਜੋੜਾ ਵੀ ਨਿਕਲਿਆ ਦਗ਼ੇਬਾਜ਼

ਇਸ ਤੋਂ ਵੀ ਗੰਭੀਰ ਦੋਸ਼ ਲਾਉਂਦਿਆਂ ਹਰਸਿਮਰਨਜੀਤ ਕੌਰ ਨੇ ਕਿਹਾ ਕਿ ਮੇਰਾ ਪਤੀ ਅੰਮ੍ਰਿਤਪਾਲ ਸਿੰਘ ਅਤੇ ਸਹੁਰਾ ਪਰਮਜੀਤ ਸਿੰਘ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰ ਕੇ ਜ਼ਮੀਨ ਅਤੇ ਪੈਸੇ ਲਿਆਉਣ ਦੀ ਕਥਿਤ ਮੰਗ ਕਰ ਰਹੇ ਹਨ। ਪੀੜਤਾ ਨੇ ਦੱਸਿਆ ਕਿ ਉਹ ਆਪ ਪੜ੍ਹੀ-ਲਿਖੀ ਹੈ, ਇਸ ਦੇ ਬਾਵਜੂਦ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਹੁਣ 21 ਨਵੰਬਰ ਨੂੰ ਉਸ ਦੇ ਪਤੀ ਅੰਮ੍ਰਿਤਪਾਲ ਸਿੰਘ, ਸਹੁਰੇ ਪਰਮਜੀਤ ਸਿੰਘ ਤੇ ਸੱਸ ਕੁਲਵਿੰਦਰ ਕੌਰ ਨੇ ਪਹਿਲਾਂ ਉਸ ਨਾਲ ਰੱਜ ਕੇ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉਸ ਦੇ ਕੰਨ ’ਤੇ ਪਿਸਤੌਲ ਰੱਖ ਕੇ ਉਸ ਨੂੰ ਖ਼ੁਦਕੁਸ਼ੀ ਨੋਟ ਲਿਖਣ ਲਈ ਮਜਬੂਰ ਕੀਤਾ ਗਿਆ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸਰਹੱਦਾਂ ਸੀਲ ਕਰਨਾ ਮੰਦਭਾਗਾ : ਢੀਂਡਸਾ

ਇੱਥੇ ਇਕ ਗੱਲ ਜ਼ਿਕਰਯੋਗ ਹੈ ਕਿ ਸਹੁਰਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਜ਼ੇਰੇ ਇਲਾਜ ਹਰਸਿਮਰਨਜੀਤ ਕੌਰ ਆਂਗਣਵਾੜੀ ਵਰਕਰ ਹੋਣ ਕਰ ਕੇ ਅਨੇਕਾਂ ਵਾਰ ‘ਬੇਟੀ ਬਚਾਓ ਤੇ ਬੇਟੀ ਪੜ੍ਹਾਓ’ ਪ੍ਰੋਗਰਾਮ ਕਰਵਾ ਚੁੱਕੀ ਹੈ ਪਰ ਅਫਸੋਸ ਅੱਜ ਖ਼ੁਦ ਹਰਸਿਮਰਨਜੀਤ ਕੌਰ ਨੂੰ ਕੁੜੀ ਹੋਣ ਕਰ ਕੇ ਆਂਗਣਵਾੜੀ ਮਹਿਕਮੇ 'ਚ ਕੰਮ ਕਰਨ ਦੇ ਬਾਵਜੂਦ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਪਰ ਕਿਸੇ ਪਾਸਿਓਂ ਵੀ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਇਸ ਸਬੰਧੀ ਕਿਰਨਦੀਪ ਪੰਜੋਲਾ (ਸੂਬਾ ਪ੍ਰਧਾਨ ਆਸ਼ਾ ਵਰਕਰ ਯੂਨੀਅਨ) ਨੇ ਕਿਹਾ ਕਿ ਅੱਜ ਵੀ ਔਰਤ ਮਹਿਫੂਜ਼ ਨਹੀਂ ਹੈ। ਇੰਨੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਵੀ ਸਹੁਰਿਆਂ ਵੱਲੋਂ ਕੁੱਟਮਾਰ ਕਰ ਕੇ ਦਾਜ ਦੀ ਮੰਗ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦਾ 'ਲੰਚ' ਪੰਜਾਬ ਦੀ ਸਿਆਸਤ 'ਚ ਭਰੇਗਾ ਨਵਾਂ ਰੰਗ

ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੁਲਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਜਦੋਂ ਇਸ ਮਾਮਲੇ ਸਬੰਧੀ ਦੂਸਰੀ ਧਿਰ ਅੰਮ੍ਰਿਤਪਾਲ ਸਿੰਘ ਵਾਸੀ ਅਮਰਾਲਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੀ ਪਤਨੀ ਵੱਲੋਂ ਮੇਰੇ ’ਤੇ ਲਾਏ ਸਾਰੇ ਦੋਸ਼ ਝੂਠੇ ਤੇ ਬੇ-ਬੁਨਿਆਦ ਹਨ ਕਿਉਂਕਿ ਮੈਂ ਆਪਣਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਅਤੇ ਬਿਨਾਂ ਦਾਜ ਤੋਂ ਕਰਵਾਇਆ ਸੀ, ਫਿਰ ਦਾਜ ਮੰਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੇਰੇ ਸਹੁਰਿਆਂ ਨੇ ਸਾਡੇ ਘਰ ’ਤੇ ਹਮਲਾ ਕਰ ਦਿੱਤਾ, ਜਿਸ ਦੇ ਸਬੂਤ ਵੀ ਸਾਡੇ ਕੋਲ ਮੌਜੂਦ ਹਨ। ਜੋ ਉਹ ਪਿਸਤੌਲ ਦੀ ਨੋਕ ’ਤੇ ਖ਼ੁਦਕੁਸ਼ੀ ਨੋਟ ’ਤੇ ਦਸਤਖ਼ਤ ਕਰਵਾਉਣ ਦੀ ਗੱਲ ਕਹਿ ਰਹੀ ਹੈ ਉਹ ਵੀ ਝੂਠੇ ਇਲਜ਼ਾਮ ਲਾ ਰਹੀ ਹੈ, ਸੋ ਸਾਰੇ ਦੋਸ਼ ਝੂਠੇ ਹਨ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੇਰਾ ਮਾਤਾ ਦੇ ਕੁੱਟਮਾਰ ਦੌਰਾਨ ਸੱਟਾਂ ਲੱਗੀਆਂ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜਦੋਂ ਇਸ ਮਾਮਲੇ ਸਬੰਧੀ ਥਾਣੇਦਾਰ ਅਵਤਾਰ ਅਲੀ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੁਲਸ ਪੜਤਾਲ ਕਰ ਰਹੀ ਹੈ, ਇਸ ਕਰ ਕੇ ਹਾਲੇ ਇਸ ਮਾਮਲੇ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।

 


 


Babita

Content Editor

Related News