ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਪੀਪੇ ਖੜਕਾ ਕੇ ਕੀਤਾ ਰੋਸ ਮੁਜ਼ਾਹਰਾ
Friday, Nov 24, 2017 - 05:46 PM (IST)

ਰੂਪਨਗਰ (ਵਿਜੇ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸੂਬਾਈ ਪੱਧਰ 'ਤੇ ਮੰਗਾਂ ਦੇ ਹੱਲ ਲਈ ਵਿੱਢੇ ਗਏ ਸੰਘਰਸ਼ ਤਹਿਤ ਸ਼ੁੱਕਰਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ. ਕੇ. ਪੀ. ਸਿੰਘ ਦੀ ਰੂਪਨਗਰ ਰਿਹਾਇਸ਼ ਦੇ ਸਾਹਮਣੇ ਗੁਰਬਖਸ਼ ਕੌਰ, ਰਾਜਵਿੰਦਰ ਕੌਰ ਦੀ ਅਗਵਾਈ 'ਚ ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ਦੀਆਂ ਵਰਕਰਾਂ ਵੱਲੋਂ ਤੀਜੇ ਦਿਨ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਖਾਲੀ ਪੀਪੇ ਖੜਕਾ ਕੇ ਰੋਸ ਪ੍ਰਗਟ ਕੀਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਫੈਸਲਾ ਸਰਕਾਰ ਵੱਲੋਂ ਬਿਨਾਂ ਵਿਉਂਤਬੰਦੀ ਤੇ ਜਲਦਬਾਜ਼ੀ 'ਚ ਲਿਆ ਗਿਆ ਹੈ। ਇਕ ਪਾਸੇ ਸਿੱਖਿਆ ਮੰਤਰੀ ਕਹਿ ਰਹੇ ਹਨ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਹੋਣ ਨਾਲ ਆਂਗਣਵਾੜੀ ਕੇਂਦਰਾਂ 'ਤੇ ਕੋਈ ਅਸਰ ਨਹੀਂ ਪਵੇਗਾ ਤੇ ਦੂਜੇ ਪਾਸੇ ਪ੍ਰੀ-ਪ੍ਰਾਇਮਰੀ ਕਲਾਸਾਂ ਪ੍ਰਾਇਮਰੀ ਸਕੂਲਾਂ 'ਚ ਜਾਣ ਨਾਲ ਆਂਗਣਵਾੜੀ ਕੇਂਦਰਾਂ ਦੇ ਬੱਚੇ ਸਕੂਲਾਂ 'ਚ ਚਲੇ ਗਏ ਤੇ 70 ਫੀਸਦੀ ਕੇਂਦਰ ਖਾਲੀ ਹੋ ਗਏ ਹਨ।