ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ
Thursday, Feb 08, 2018 - 07:53 AM (IST)

ਅੰਮ੍ਰਿਤਸਰ, (ਦਲਜੀਤ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਵੇਰਕਾ ਤਰਸਿੱਕਾ ਵੱਲੋਂ ਅੱਜ ਬਲਾਕ ਪ੍ਰਧਾਨ ਹਰਜੀਤ ਕੌਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਬਣਾ ਕੇ ਸਾੜੀਆਂ ਗਈਆਂ। ਵੱਡੀ ਗਿਣਤੀ 'ਚ ਇਕੱਤਰ ਹੋਈਆਂ ਵਰਕਰਾਂ ਅਤੇ ਹੈਲਪਰਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਵਰਕਰਾਂ ਤੇ ਹੈਲਪਰਾਂ ਨੂੰ ਅੱਖੋਂ-ਪਰੋਖੇ ਕਰੀ ਬੈਠੀ ਹੈ ਤੇ ਉਨ੍ਹਾਂ ਦਾ ਮਾਣ-ਭੱਤਾ ਨਹੀਂ ਵਧਾਇਆ ਜਾ ਰਿਹਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ/ਹੈਲਪਰਾਂ ਨੂੰ ਦਿੱਲੀ ਸਰਕਾਰ ਵਾਂਗ ਕ੍ਰਮਵਾਰ 10 ਹਜ਼ਾਰ ਤੇ 5 ਹਜ਼ਾਰ ਰੁਪਏ ਮਾਣ-ਭੱਤਾ ਦੇਵੇ, ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਵਾਪਸ ਭੇਜੇ ਜਾਣ, ਵਰਕਰਾਂ ਤੇ ਹੈਲਪਰਾਂ ਨੂੰ ਲਾਭ ਦੇਣ ਵਾਲੇ ਬਿੱਲ ਪਾਸ ਕੀਤੇ ਜਾਣ ਅਤੇ ਐੱਨ. ਜੀ. ਓ. ਅਧੀਨ ਚੱਲਦੇ ਬਲਾਕ ਬਠਿੰਡਾ ਅਤੇ ਸਰਵਰ ਖੂਈਆਂ ਜਿਨ੍ਹਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ, ਨੂੰ ਵਾਪਸ ਵਿਭਾਗ ਅਧੀਨ ਲਿਆਂਦਾ ਜਾਵੇ ਤੇ ਐੱਨ. ਜੀ. ਓ. ਅਧੀਨ ਚੱਲਦੇ ਬਾਕੀ ਬਲਾਕਾਂ ਨੂੰ ਵੀ ਵਿਭਾਗ 'ਚ ਸ਼ਾਮਲ ਕੀਤਾ ਜਾਵੇ।
ਇਸ ਮੌਕੇ ਜਨਰਲ ਸੈਕਟਰੀ ਪੰਜਾਬ ਦਲਜਿੰਦਰ ਕੌਰ ਉਦੋਨੰਗਲ, ਮੀਨੂੰ ਵਰਪਾਲ, ਪਲਵਿੰਦਰ ਕੌਰ ਇੰਬਨ ਕਲਾਂ, ਰਾਜਬੀਰ, ਕੁਲਵਿੰਦਰ ਕੌਰ, ਬਲਬੀਰ ਕੌਰ, ਨਵਦੀਪ ਕੌਰ ਆਦਿ ਹਾਜ਼ਰ ਸਨ।