ਆਂਗਨਵਾੜੀ ਕੇਂਦਰਾਂ ਦੀ ਬਦਲੇਗੀ ਦਿੱਖ, ਮਾਡਲ ਕੇਂਦਰਾਂ ’ਚ ਜਾਵੇਗਾ ਬਦਲਿਆ : ਅਰੁਣਾ ਚੌਧਰੀ
Friday, Aug 27, 2021 - 10:18 PM (IST)
ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਸੂਬੇ ਦੇ ਆਂਗਨਵਾੜੀ ਕੇਂਦਰਾਂ ਨੂੰ ਪੜਾਅਵਾਰ ਮਾਡਲ ਆਂਗਨਵਾੜੀ ਕੇਂਦਰਾਂ ’ਚ ਬਦਲਿਆ ਜਾਵੇਗਾ, ਜਿਸ ’ਚ ਛੋਟੇ ਬੱਚਿਆਂ ’ਚ ਸਿੱਖਣ ਦੀ ਰੁਚੀ ਪੈਦਾ ਕਰਨ ਲਈ ਨਵੀਆਂ ਸਿੱਖਣ ਤਕਨੀਕਾਂ ਅਤੇ ਰੰਗਦਾਰ ਪੇਂਟਿੰਗਾਂ ਉੱਤੇ ਜ਼ੋਰ ਦਿੱਤਾ ਜਾਵੇਗਾ। ਕੰਧ ਚਿੱਤਰਾਂ ਰਾਹੀਂ ਬੱਚਿਆਂ ਨੂੰ ਸਿਖਾਉਣ ਦੇ ਨਾਲ-ਨਾਲ ਪਿੰਡ ਪੱਧਰ ਉੱਤੇ ਆਂਗਨਵਾੜੀ ਕੇਂਦਰਾਂ ਲਈ ਸੰਕੇਤ ਲਾਏ ਜਾਣਗੇ ਤਾਂ ਕਿ ਉਨ੍ਹਾਂ ਦੀ ਪਿੰਡ ਪੱਧਰ ਉਤੇ ਅਹਿਮ ਸੰਸਥਾ ਵਜੋਂ ਪਛਾਣ ਬਣੇ। ਆਂਗਨਵਾੜੀ ਕੇਂਦਰਾਂ ਦੀਆਂ ਜ਼ਰੂਰਤਾਂ ਮੁਤਾਬਕ ਫਰਨੀਚਰ ਅਤੇ ਆਧੁਨਿਕ ਉਪਕਰਨ ਹਰੇਕ ਕੇਂਦਰ ਨੂੰ ਮੁਹੱਈਆ ਕਰਨ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਦੇ ਜੇਬ ’ਚ ਨਹੀਂ ਸੀ ਬੱਸ ਦਾ ਕਿਰਾਇਆ, ਅੱਜ ਦੁਬਈ ’ਚ 9 ਕੰਪਨੀਆਂ ਦਾ ਮਾਲਕ ਹੈ ਹਰਮੀਕ ਸਿੰਘ
ਇਥੇ ਪੰਜਾਬ ਭਵਨ ’ਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਆਂਗਨਵਾੜੀ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ ਹੋਈ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਕਿਰਾਏ ਦੀਆਂ ਇਮਾਰਤਾਂ ਜਾਂ ਹੋਰ ਥਾਵਾਂ ਉਤੇ ਚੱਲਦੇ ਆਂਗਨਵਾੜੀ ਸੈਂਟਰਾਂ ਨੂੰ ਆਪਣੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਜਾਵੇਗਾ ਤਾਂ ਕਿ ਬੱਚੇ ਸੁਰੱਖਿਅਤ ਮਾਹੌਲ ’ਚ ਰਹਿ ਸਕਣ। ਆਂਗਨਵਾੜੀ ਕੇਂਦਰਾਂ ਨੂੰ ਬੱਚਿਆਂ ਲਈ ਛੇਤੀ ਖੋਲ੍ਹਣ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਇਸ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ ਬੰਦ ਕੀਤੇ ਇਨ੍ਹਾਂ ਆਂਗਨਵਾੜੀ ਕੇਂਦਰਾਂ ਨੂੰ ਛੇਤੀ ਹੀ ਬੱਚਿਆਂ ਲਈ ਖੋਲਿਆ ਜਾਵੇਗਾ। ਚੌਧਰੀ ਨੇ ਕਿਹਾ ਕਿ ਜਿਨ੍ਹਾਂ ਆਂਗਨਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਮੁਰੰਮਤ ਕਰਵਾਉਣ ਦੀ ਲੋੜ ਹੈ, ਉਨ੍ਹਾਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਆਂਗਨਵਾੜੀ ਕੇਂਦਰਾਂ ਨੂੰ ਦੇਸ਼ ਭਰ ’ਚੋਂ ਸਭ ਤੋਂ ਮਿਆਰੀ ਬਣਾਉਣ ਦੇ ਇੱਛੁਕ ਹਨ। ਇਸ ਲਈ ਸੁਝਾਵਾਂ ਵਾਸਤੇ ਅੱਜ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਹੈ।
ਇਹ ਵੀ ਪੜ੍ਹੋ : ਰਾਜਪਾਲ ਨੂੰ ਮਿਲਿਆ ‘ਆਪ’ ਦਾ ਵਫ਼ਦ, ਕੈਪਟਨ ਸਰਕਾਰ ਦਾ ਫਲੋਰ ਟੈਸਟ ਕਰਵਾਉਣ ਦੀ ਕੀਤੀ ਮੰਗ
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਮਿਲੇ ਸੁਝਾਵਾਂ ਉੱਤੇ ਅਮਲ ਕਰਨ ਲਈ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿੱਚ ਹੀ ਟੀਕਾਕਰਨ ਕੈਂਪ ਲਾਉਣ ਲਈ ਸਿਹਤ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਅਤੇ ਅਨੀਮੀਆ ਤੋਂ ਮੁਕਤੀ ਜਾਂ ਹੋਰ ਸੇਵਾਵਾਂ ਤੋਂ ਵਾਂਝਾ ਨਾ ਰਹੇ। ਅਰੁਣਾ ਚੌਧਰੀ ਨੇ ਇਹ ਵੀ ਆਖਿਆ ਕਿ ਫਰੰਟਲਾਈਨ ਆਂਗਨਵਾੜੀ ਟੀਮ ਵੱਲੋਂ ਜ਼ਮੀਨੀ ਪੱਧਰ ਉੱਤੇ ਦਿੱਤੀਆਂ ਸੇਵਾਵਾਂ ਨਾਲ ਹੀ ਸੂਬੇ ਵਿੱਚ ਅਜਿਹਾ ਆਧਾਰ ਤਿਆਰ ਹੋਇਆ, ਜਿਸ ਨਾਲ ਔਰਤਾਂ, ਬੱਚਿਆਂ ਤੇ ਕਿਸ਼ੋਰ ਉਮਰ ਵਾਲਿਆਂ ਦੀ ਸਿਹਤ ਤੇ ਪੋਸ਼ਣ ਦੀ ਦਿਸ਼ਾ ’ਚ ਸੂਬੇ ਨੇ ਵੱਡੀ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਇਕੱਲੇ-ਇਕੱਲੇ ਵਰਕਰ ਤੋਂ ਸੁਝਾਅ ਲਏ ਅਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਸੁਝਾਅ ਉੱਤੇ ਫੌਰੀ ਅਮਲ ਕਰਨ ਲਈ ਕਿਹਾ ਤਾਂ ਕਿ ਸੇਵਾਵਾਂ ਵਿੱਚ ਸੁਧਾਰ ਕਰ ਕੇ ਸੂਬੇ ਦੇ ਲੱਖਾਂ ਲਾਭਪਾਤਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।
ਇਸ ਦੌਰਾਨ ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਜੀ ਪੀ. ਸ੍ਰੀਵਾਸਤਵਾ ਨੇ ਆਂਗਨਵਾੜੀ ਵਰਕਰਾਂ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਫਰੰਟਲਾਈਨ ਵਰਕਰਾਂ ਵਜੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ, ਜਿਸ ਰਾਹੀਂ ਪੰਜਾਬ ਇਸ ਮਹਾਮਾਰੀ ਨਾਲ ਦੂਜਿਆਂ ਸੂਬਿਆਂ ਨਾਲੋਂ ਬਿਹਤਰ ਢੰਗ ਨਾਲ ਨਜਿੱਠ ਸਕਿਆ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦਾ ਕੰਮ ਦਾ ਬਹੁਤਾ ਪ੍ਰਚਾਰ ਨਹੀਂ ਹੁੰਦਾ ਪਰ ਇਸ ਦੇ ਬਾਵਜੂਦ ਇਹ ਵਰਕਰ ਤੇ ਹੈਲਪਰ ਆਪਣਾ ਕੰਮ ਇਮਾਨਦਾਰੀ ਤੇ ਸੰਜੀਦਗੀ ਨਾਲ ਕਰ ਰਹੀਆਂ ਹਨ। ਮੀਟਿੰਗ ਦੌਰਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਾਣਭੱਤੇ ਵਿੱਚ ਵਾਧਾ ਕਰਨ ਦੀ ਲੰਬੇ ਸਮੇਂ ਤੋਂ ਰਹਿੰਦੀ ਮੰਗ ਨੂੰ ਪੂਰਾ ਕਰਨ ਉਤੇ ਸਰਕਾਰ ਦਾ ਧੰਨਵਾਦ ਕੀਤਾ।ਮੀਟਿੰਗ ਦੌਰਾਨ ਜੁਆਇੰਟ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਕੋਰੇ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਵੀ ਹਾਜ਼ਰ ਸਨ।