ਏ.ਟੀ.ਐੱਮ. ਦੇ ਅੰਦਰ ਲੜਕੀਆਂ ਨੂੰ ਬਣਾਇਆ ਬੰਧਕ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

Wednesday, Feb 13, 2019 - 09:54 AM (IST)

ਏ.ਟੀ.ਐੱਮ. ਦੇ ਅੰਦਰ ਲੜਕੀਆਂ ਨੂੰ ਬਣਾਇਆ ਬੰਧਕ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

ਜੰਡਿਆਲਾ ਗੁਰ (ਸੁਰਿੰਦਰ, ਸ਼ਰਮਾ, ਸੁਮਿਤ ਖੰਨਾ) : ਸਰਾਏ ਰੋਡ 'ਤੇ ਸਥਿਤ ਕਾਰਪੋਰੇਸ਼ਨ ਬੈਂਕ ਦੇ ਏ. ਟੀ. ਐੱਮ. 'ਚ ਇਕ ਲੁਟੇਰੇ ਵਲੋਂ ਦੋ ਲੜਕੀਆਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਕਿ ਬੈਂਕ ਦੇ ਗਾਰਡ ਦੀ ਹੁਸ਼ਿਆਰੀ ਨਾਲ ਵਾਰਦਾਤ ਹੁੰਦੀ-ਹੁੰਦੀ ਟਲ ਗਈ। ਜਾਣਕਾਰੀ ਅਨੁਸਾਰ ਏ. ਟੀ. ਐੱਮ. 'ਚ ਇਕ ਪਿੰਡ ਦੀਆਂ ਆਂ ਪੈਸੇ ਕਢਵਾ ਰਹੀਆਂ ਸਨ ਕਿ ਇਕ ਨੌਜਵਾਨ ਏ. ਟੀ. ਐੱਮ. 'ਚ ਆ ਗਿਆ, ਜਿਸ ਦੇ ਹੱਥ 'ਚ ਰਿਵਾਲਵਰ ਸੀ ਤੇ ਉਸ ਨੇ ਏ. ਟੀ. ਐੱਮ. ਦੇ ਅੰਦਰੋਂ ਕੁੰਡੀ ਲਾ ਲਈ ਤੇ ਲੜਕੀਆਂ ਨੂੰ ਪੈਸੇ ਕਢਵਾ ਕੇ ਦੇਣ ਲਈ ਧਮਕਾਉਣ ਲੱਗਾ। ਜਦ ਲੜਕੀਆਂ ਨੇ ਪੈਸੇ ਕਢਵਾਉਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਹੱਥਾਂ 'ਚ ਪਾਈਆਂ ਮੁੰਦਰੀਆਂ ਲਾਹ ਕੇ ਦੇਣ ਲਈ ਰਿਵਾਲਵਰ ਦਿਖਾ ਕੇ ਧਮਕਾਉਣ ਲੱਗਾ।
PunjabKesari
ਇਹ ਸਭ ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਦੇਖ ਕੇ ਬੈਂਕ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਤੁਰੰਤ ਗਾਰਡ ਏ. ਟੀ. ਐੱਮ. ਦੇ ਬਾਹਰ ਪਹੁੰਚਿਆ ਤੇ ਉਸ ਨੇ ਥੋੜ੍ਹਾ ਜਿਹਾ ਸ਼ਟਰ ਸੁੱਟ ਦਿੱਤਾ, ਜਿਸ ਨਾਲ ਏ. ਟੀ. ਐੱਮ. ਦਾ ਦਰਵਾਜ਼ਾ ਨਾ ਖੁੱਲ੍ਹ ਸਕੇ। ਜਦ ਲੁਟੇਰੇ ਨੇ ਆਪਣੇ-ਆਪ ਨੂੰ ਅੰਦਰ ਫਸਿਆ ਦੇਖਿਆ ਤਾਂ ਉਹ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਿਆ। ਜਦ ਉਹ ਫਰਾਰ ਹੋ ਰਿਹਾ ਸੀ ਤਾਂ ਨੇੜੇ ਹੀ ਇਕ ਕਰਿਆਨੇ ਦੀ ਦੁਕਾਨ 'ਤੇ ਪੀ. ਸੀ. ਆਰ. ਵਾਲੇ ਕੁਝ ਸਾਮਾਨ ਖਰੀਦਣ ਲਈ ਖੜ੍ਹੇ ਸਨ, ਜਿਨ੍ਹਾਂ ਨੇ ਲੁਟੇਰੇ ਦਾ ਪਿੱਛਾ ਕੀਤਾ ਤੇ ਉਸ ਦੇ ਮੋਟਰਸਾਈਕਲ 'ਚ ਆਪਣਾ ਮੋਟਰਸਾਈਕਲ ਮਾਰ ਕੇ ਉਸ ਨੂੰ ਸੁੱਟ ਲਿਆ ਤੇ ਗ੍ਰਿਫਤਾਰ ਕਰ ਲਿਆ।  ਡੀ. ਐੱਸ. ਪੀ. ਗੁਰਮੀਤ ਸਿੰਘ ਸਹੋਤਾ ਜੋ ਕਿਸੇ ਵਿਆਹ ਜਾ ਰਹੇ ਸਨ, ਵੀ ਪੀ. ਸੀ. ਆਰ. ਵਾਲਿਆਂ ਦੇ ਫੋਨ ਕਰਨ 'ਤੇ ਤੁਰੰਤ ਮੌਕਾ ਵਾਰਦਾਤ 'ਤੇ ਪਹੁੰਚ ਗਏ ਤੇ ਉਨ੍ਹਾਂ ਪੀ. ਸੀ. ਆਰ. ਮੁਲਾਜ਼ਮ ਕਾਂਸਟੇਬਲ ਮੇਜਰ ਸਿੰਘ ਤੇ ਕਾਂਸਟੇਬਲ ਮਨਜਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਲਈ ਸ਼ਾਬਾਸ਼ ਦਿੱਤੀ।
PunjabKesari
ਇਸ ਮੌਕੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਜੰਡਿਆਲਾ ਗੁਰੂ ਜੀ. ਐੱਸ. ਚੀਮਾ ਨੇ ਦੱਸਿਆ ਕਿ ਇਹ ਲੁਟੇਰਾ ਜੰਡਿਆਲਾ ਗੁਰੂ ਦਾ ਹੀ ਰਹਿਣ ਵਾਲਾ ਹੈ ਤੇ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੀਆਂ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਇਸ ਦੇ ਸ਼ਾਮਿਲ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਕੋਲੋਂ ਜੋ ਰਿਵਾਲਵਰ ਫੜਿਆ ਗਿਆ, ਨਕਲੀ ਹੈ, ਜਿਸ ਨੂੰ ਦਿਖਾ ਕੇ ਉਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।


author

Baljeet Kaur

Content Editor

Related News