1920 'ਚ ਸਿਆਸੀ ਮੰਚ 'ਤੇ ਆਇਆ ਅਕਾਲੀ ਦਲ ਗੰਭੀਰ ਚੁਣੌਤੀਆਂ ਦਾ ਸ਼ਿਕਾਰ
Friday, Jan 24, 2020 - 09:19 AM (IST)
ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) : ਕਿਸੇ ਸਮੇਂ ਪੰਥ ਦੀ ਰਾਜਸੀ ਜਮਾਤ ਕਰ ਕੇ ਜਾਣੀ ਜਾਂਦੀ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ ਅੱਜ ਗੰਭੀਰ ਸੰਕਟਾਂ ਕਾਰਣ ਬਹੁ-ਪੱਖੀ ਚੁਣੌਤੀਆਂ ਦਾ ਸ਼ਿਕਾਰ ਹੋਈ ਬੈਠੀ ਹੈ। ਅੱਜ ਤੋਂ ਇਕ ਸਦੀ ਪਹਿਲਾਂ 1920 'ਚ ਜਦੋਂ ਅਕਾਲੀ ਦਲ ਸਿਆਸੀ ਮੰਚ 'ਤੇ ਆਇਆ ਸੀ ਤਾਂ ਇਸਦਾ ਮੌਲਿਕ ਸਿਧਾਂਤ ਪੰਥਕ ਰਿਵਾਇਤਾਂ ਦੀ ਪਹਿਰੇਦਾਰੀ ਅਤੇ ਖਿਦਮਤਦਾਰੀ ਕਰਨਾ ਸੀ। ਇਸਦੇ ਪਹਿਲੀ ਕਤਾਰ ਦੇ ਆਗੂ ਪੰਥਕ ਸਿਧਾਂਤ ਦੇ ਦਿਲੋਂ ਹਮਦਰਦ ਸਨ ਅਤੇ ਤਨੋ, ਮਨੋ ਪੰਥ ਨੂੰ ਸਮਰਪਿਤ ਸਨ। ਇਸ ਜਮਾਤ ਦੇ ਪ੍ਰਮੁੱਖ ਆਗੂਆਂ ਨੇ ਅਕਾਲੀ ਦੇ ਮੌਲਿਕ ਸਿਧਾਂਤਾਂ ਨੂੰ ਬਹਾਲ ਰੱਖਣ ਲਈ ਸਮੇਂ-ਸਮੇਂ ਜਾਨਾਂ ਵਾਰ ਕੇ ਇਸਦੇ ਬੂਟੇ ਨੂੰ ਹਰਿਆ-ਭਰਿਆ ਕੀਤਾ ਹੈ ਅਤੇ ਕਾਲੇ ਪਾਣੀ ਦੀਆਂ ਜੇਲਾਂ ਕੱਟਣ ਤੋਂ ਬਿਨਾਂ ਤਸ਼ੱਦਦ ਆਪਣੇ ਪਿੰਡਿਆਂ 'ਤੇ ਹੰਢਾਇਆ ਹੈ। ਪੂਰੇ ਸੌ ਸਾਲ ਦਾ ਅਰਸਾ ਬੀਤਣ ਉਪਰੰਤ ਅੱਜ ਇਸ ਦਾ ਲੇਖਾ-ਜੋਖਾ ਕਰੀਏ ਤਾਂ ਉਦੋਂ ਅਤੇ ਅੱਜ ਵਿਚਕਾਰ ਜ਼ਮੀਨ ਅਸਮਾਨ ਦਾ ਤਕਾਜ਼ਾ ਪ੍ਰਤੱਖ ਨਜ਼ਰ ਪੈ ਰਿਹਾ ਹੈ ਅਤੇ ਕੁਰਬਾਨੀਪ੍ਰਸਤ ਜਮਾਤ 'ਤੇ ਭਾਰੂ ਪਈ ਕੁਨਬਾਪ੍ਰਸਤੀ ਇਸ ਜਮਾਤ ਨੂੰ ਇਸ ਕਗਾਰ 'ਤੇ ਲੈ ਆਈ ਹੈ ਕਿ ਇਸ ਨੂੰ ਪੰਥਕ ਧਿਰ ਮੰਨਣ ਵਾਲੇ ਲੋਕ ਹੀ ਇਸਦੀ ਕਾਰਗੁਜ਼ਾਰੀ 'ਤੇ ਉਂਗਲਾਂ ਉਠਾਉਣ ਲਈ ਮਜਬੂਰ ਹੋ ਗਏ ਹਨ।
ਮੌਲਿਕ ਅਤੇ ਸਿਧਾਂਤਕ ਮੁੱਦਿਆਂ ਤੋਂ ਥਿੜਕੀ ਮੌਜੂਦਾ ਅਕਾਲੀ ਲੀਡਰਸ਼ਿਪ ਬਹੁਪੱਖੀ ਚੁਣੌਤੀਆਂ 'ਚ ਘਿਰੀ ਨਜ਼ਰ ਆਉਣ ਲੱਗੀ ਹੈ। ਬੇਅਦਬੀ ਕਾਂਡ ਤੋਂ ਬਾਅਦ 2 ਦਹਾਕਿਆਂ ਤੋਂ ਇਕ ਵਿਸ਼ੇਸ਼ ਪਰਿਵਾਰ ਦੀ ਪਕੜ 'ਚ ਬੱਝਿਆ ਅਕਾਲੀ ਦਲ ਖਿੰਡ ਰਿਹਾ ਹੈ। ਅਕਾਲੀ ਦਲ ਨਾਲ ਨਹੁੰ-ਮਾਸ ਦਾ ਨਾਤਾ ਰੱਖਣ ਵਾਲੀ ਕੇਂਦਰੀ ਰਾਜਸੀ ਧਿਰ ਭਾਜਪਾ ਦੀ ਲੀਡਰਸ਼ਿਪ ਖੱਲ੍ਹੇਆਮ ਅਕਾਲੀ ਲੀਡਰਸ਼ਿਪ ਦੀਆਂ ਪਰਿਵਾਰਪ੍ਰਸਤ ਨੀਤੀਆਂ ਤੋਂ ਤੰਗ ਹੋਣ ਦੀ ਪੁਸ਼ਟੀ ਕਰਦਿਆਂ ਵੱਖਰੀ ਸਿਆਸੀ ਜ਼ਮੀਨ ਪੰਜਾਬ ਦੀ ਧਰਤੀ 'ਤੇ ਤਲਾਸ਼ੇ ਜਾਣ ਦੇ ਸੰਕੇਤ ਦੇ ਰਹੀ ਹੈ। ਮਾਝੇ ਦੇ ਟਕਸਾਲੀ ਆਗੂਆਂ ਵਲੋਂ ਤੋੜ-ਵਿਛੋੜਾ ਕੀਤੇ ਜਾਣ ਉਪਰੰਤ ਮਾਲਵੇ ਦੀ ਅਕਾਲੀ ਰਾਜਨੀਤੀ ਦੇ ਮੁੱਖ ਸੂਤਰਧਾਰ ਸੁਖਦੇਵ ਸਿੰਘ ਢੀਂਡਸਾ ਖੁੱਲ੍ਹੇਆਮ ਇਕ ਵਿਸ਼ੇਸ਼ ਪਰਿਵਾਰ ਦੇ ਕਬਜ਼ੇ 'ਚੋਂ ਪੰਥਕ ਜਮਾਤ ਨੂੰ ਆਜ਼ਾਦ ਕਰਵਾਉਣ ਦਾ ਨਾਂ ਕੇਵਲ ਦਮ ਹੀ ਭਰ ਰਹੇ ਹਨ ਬਲਕਿ ਦਹਾਕਿਆਂ ਤੋਂ ਖਿੰਡੀ-ਪੁੰਡੀ ਅਕਾਲੀ ਦਲ ਦੀ ਸਿਧਾਂਤਕ ਲੀਡਰਸ਼ਿਪ ਨੂੰ ਇਕ ਤਸਬੀ 'ਚ ਪ੍ਰੋਣ 'ਚ ਸਫਲ ਹੁੰਦੇ ਜਾਪ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਦਹਾਕਿਆਂ ਭਰ ਦੀ ਅਕਾਲੀ ਰਾਜਨੀਤੀ 'ਤੇ ਪਈ ਮਜ਼ਬੂਤ ਪਕੜ ਨਾ ਕੇਵਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਢਿੱਲੀ ਪੈਂਦੀ ਜ਼ਾਹਿਰ ਹੋ ਰਹੀ ਹੈ ਬਲਕਿ ਵੱਡੇ ਬਾਦਲ ਦੀ ਸਰਗਰਮ ਰਾਜਨੀਤੀ ਤੋਂ ਕੀਤੀ ਕਿਨਾਰਾਕਸ਼ੀ ਉਨ੍ਹਾਂ ਦੀ ਸਿਆਸੀ ਬੇਵੱਸੀ ਦਾ ਪ੍ਰਗਟਾਵਾ ਕਰ ਰਹੀ ਹੈ। ਹੁਣ ਅਕਾਲੀ ਲੀਡਰਸ਼ਿਪ ਵਲੋਂ ਵਿਰੋਧ 'ਚ ਉੱਠਣ ਵਾਲੀਆਂ ਪਾਰਟੀ ਦੀਆਂ ਅੰਦਰੂਨੀ ਆਵਾਜ਼ਾਂ ਨੂੰ ਕਾਂਗਰਸ ਦਾ ਏਜੰਟ ਹੋਣ ਦਾ ਦੋਸ਼ ਲਗਾ ਕੇ ਕੀਤੀ ਜਾ ਰਹੀ ਪ੍ਰੰਪਰਾਗਤ ਰਾਜਨੀਤੀ ਵੀ ਬੇਅਸਰ ਅਤੇ ਹਾਸੋ-ਹੀਣੀ ਸਾਬਤ ਹੋ ਰਹੀ ਹੈ।
ਅੱਜ ਜਦੋਂ ਸੂਬੇ ਭਰ 'ਚ ਸੱਤਾਧਾਰੀ ਧਿਰ ਦੀ ਆਵਾਮ ਪ੍ਰਤੀ ਵਾਅਦਾਖਿਲਾਫੀ ਨੂੰ ਲੈ ਕੇ ਐਂਟੀ-ਇਨਕੰਬੈਂਸੀ ਦਾ ਪਾਸਾਰ ਪ੍ਰਤੱਖ ਨਜ਼ਰ ਆ ਰਿਹਾ ਹੈ ਤਾਂ ਉਥੇ ਅਕਾਲੀ ਦਲ ਆਪਣੀ ਬਤੌਰ ਵਿਰੋਧੀ ਧਿਰ ਪਕੜ ਪੈਦਾ ਕਰਨ 'ਚ ਬੁਰੀ ਤਰ੍ਹਾਂ ਅਸਫਲ ਨਜ਼ਰ ਆ ਰਿਹਾ ਹੈ। ਇਸ ਮੁਕਾਮ 'ਤੇ ਦਿੱਲੀ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਜਿੱਥੇ 'ਆਪ' ਇਕ ਮਜ਼ਬੂਤ ਧਿਰ ਵਜੋਂ ਸਥਾਪਤ ਹੋ ਰਹੀ ਹੈ, ਉਥੇ ਉਕਤ ਚੋਣਾਂ ਦੇ ਨਤੀਜਿਆਂ ਦਾ ਪੰਜਾਬ ਦੀ ਰਾਜਨੀਤੀ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹੀ ਸਥਿਤੀ 'ਚ ਇਹ ਸਿਆਸੀ ਪੱਖ ਕਿਸੇ ਵੀ ਪੱਖੋਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ 'ਚ ਅਕਾਲੀ ਰਾਜਨੀਤੀ 'ਤੇ ਪੈਣ ਵਾਲੇ ਕਾਲੇ ਪਰਛਾਵੇ ਅਕਾਲੀ ਦਲ ਲਈ ਕੋਈ ਚੰਗਾ ਸੰਕੇਤ ਨਹੀਂ ਹਨ। ਸਿਆਸੀ ਹਲਕਿਆਂ 'ਚ ਇਹ ਚਰਚੇ ਵੀ ਚੱਲ ਰਹੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਜੇਕਰ ਅਕਾਲੀ ਲੀਡਰਸ਼ਿਪ ਨੂੰ ਆਪਣੀ ਅਗਵਾਈ 'ਚ ਮਜ਼ਬੂਤ ਧਿਰ ਵਜੋਂ ਵਿਕਸਤ ਕਰਨ 'ਚ ਸਫਲ ਹੁੰਦੇ ਹਨ ਤਾਂ ਉਹ ਧਿਰ ਮਿਸ਼ਨ 2022 'ਚ ਭਾਜਪਾ ਦੀ ਭਾਈਵਾਲ ਧਿਰ ਬਣ ਕੇ ਵੀ ਸੂਬੇ ਦੀ ਸਿਆਸੀ ਫਿਜ਼ਾ ਬਦਲਣ ਲਈ ਯਤਨਸ਼ੀਲ ਹੋ ਸਕਦੀ ਹੈ।
ਬੇਅਦਬੀ ਕਾਂਡ 'ਚ ਅਸਲ ਦੋਸ਼ੀਆਂ ਨੂੰ ਬੇਨਕਾਬ ਕਰਨ 'ਚ ਸਫਲਤਾ ਪ੍ਰਾਪਤ ਕਰਨ ਵਾਲੀ ਸੂਬੇ ਦੀ ਕੈਪਟਨ ਸਰਕਾਰ ਭਾਵੇਂ ਕਿ ਤਤਕਾਲੀ ਅਕਾਲੀ ਸਰਕਾਰ ਦੀ ਇਸ 'ਚ ਸਿਆਸੀ ਭੂਮਿਕਾ ਨੂੰ ਲੋਕ ਭਾਵਨਾਵਾਂ ਦੀ ਤਰਜ਼ 'ਤੇ ਜ਼ਾਹਰ ਨਹੀਂ ਕਰ ਸਕੀ ਪਰ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫੀ ਅਤੇ ਉਸ ਦੀ ਬੇਅਦਬੀ ਕਾਂਡ 'ਚ ਕੀਤੀ ਪੁਸ਼ਤ ਪਨਾਹੀ ਬਾਦਲ ਗਰੁੱਪ ਨੂੰ ਕਿਤੇ ਨਾ ਕਿਤੇ ਪੰਥਕ ਏਜੰਡੇ ਤੋਂ ਵਿਹੂਣਾ ਕਰ ਰਹੀ ਹੈ। ਜਿਸਦਾ ਖਮਿਆਜ਼ਾ ਅੱਜ ਅਕਾਲੀ ਦਲ ਭੁਗਤ ਵੀ ਰਿਹਾ ਹੈ। ਇਥੇ ਉਕਤ ਕਾਂਡ ਦੀ ਚੱਲ ਰਹੀ ਜਾਂਚ ਵੀ ਅਕਾਲੀ ਲੀਡਰਸ਼ਿਪ ਦੇ ਸਿਰ ਤਲਵਾਰ ਬਣ ਲਟਕ ਰਹੀ ਹੈ, ਜੋ ਉਸਨੂੰ ਵੱਡੇ ਸਿਆਸੀ ਖਲਾਅ ਵੱਲ ਲਿਜਾ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਗੁਜ਼ਾਰੀ ਦਾ ਸਿਆਸੀਕਰਨ ਵੀ ਕੁਨਬਾਪ੍ਰਸਤ ਰਾਜਨੀਤੀ ਦੀ ਕੜੀ ਮੰਨਿਆ ਜਾ ਰਿਹਾ ਹੈ।