ਮੇਘਾਲਿਆ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਚੌਥਾ ਸੂਬਾ ਬਣਿਆ

Saturday, Sep 09, 2017 - 07:12 AM (IST)

ਮੇਘਾਲਿਆ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਚੌਥਾ ਸੂਬਾ ਬਣਿਆ

ਜਲੰਧਰ/ਪਟਿਆਲਾ  (ਚਾਵਲਾ, ਪਰਮੀਤ)-ਮੇਘਾਲਿਆ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਚੌਥਾ ਰਾਜ ਬਣ ਗਿਆ ਹੈ। ਬਿਹਾਰ ਸਰਕਾਰ ਇਸ ਐਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੈੱਸ. ਜੀ. ਐੈੱਮ. ਸੀ.) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਐਕਟ ਲਾਗੂ ਕਰਨ ਦਾ ਮਾਮਲਾ ਮੇਘਾਲਿਆ ਸਰਕਾਰ ਕੋਲ ਉਠਾਇਆ ਸੀ। ਉਹ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਮੁਕਲ ਸੰਗਮਾ ਦੇ ਧੰਨਵਾਦੀ ਹਨ, ਜਿਨ੍ਹਾਂ ਇਹ ਐਕਟ ਲਾਗੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਐਕਟ ਲਾਗੂ ਹੋਣ ਦੀ ਬਦੌਲਤ ਰਾਜ ਵਿਚ ਰਹਿੰਦੇ ਸਿੱਖ ਹੁਣ ਆਨੰਦ ਮੈਰਿਜ ਐਕਟ ਤਹਿਤ ਆਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਸਿੱਖ ਭਾਈਚਾਰੇ ਨੂੰ ਇਹ ਐਕਟ ਲਾਗੂ ਨਾ ਹੋਣ 'ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਤੌਰ 'ਤੇ ਵਿਦੇਸ਼ ਵਿਚ ਜਾਣ ਵਾਲੇ ਸਿੱਖਾਂ ਨੂੰ ਔਕੜਾਂ ਆ ਰਹੀਆਂ ਸਨ ਕਿਉਂਕਿ ਉਨ੍ਹਾਂ ਦੇ ਵਿਆਹ ਇਸ ਐਕਟ ਤਹਿਤ ਰਜਿਸਟਰਡ ਨਹੀਂ ਹੁੰਦੇ ਸਨ।
ਸ਼੍ਰੀ ਸਿਰਸਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਰਾਜ ਵਿਚ ਇਹ ਐਕਟ ਲਾਗੂ ਕਰਨ ਵਿਚ ਦਿਲਚਸਪੀ ਵਿਖਾਈ ਹੈ। ਐਕਟ ਲਾਗੂ ਕਰਨ ਵਾਸਤੇ ਹੋਰ ਰਾਜਾਂ ਵੱਲੋਂ ਤਿਆਰ ਕੀਤੇ ਨਿਯਮਾਂ ਦੀ ਕਾਪੀ ਉਨ੍ਹਾਂ ਤੋਂ ਮੰਗੀ ਹੈ, ਜੋ ਬਿਹਾਰ ਸਰਕਾਰ ਨੂੰ ਉਪਲਬਧ ਕਰਵਾ ਦਿੱਤੀ ਹੈ। ਉਨ੍ਹਾਂ ਨੂੰ ਆਸ ਹੈ ਕਿ ਇਹ ਐਕਟ ਰਾਜ ਵਿਚ ਜਲਦੀ ਲਾਗੂ ਹੋਵੇਗਾ।
ਸ. ਸਿਰਸਾ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਕਿ ਜਿਸ ਨੇ ਭਾਈਚਾਰੇ ਦੀ ਸੇਵਾ ਦਾ ਮੌਕਾ ਉਨ੍ਹਾਂ ਨੂੰ ਦਿੱਤਾ ਹੈ। ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿ ਉਨਾਂ ਨੇ ਸਾਰੇ ਰਾਜਾਂ ਵਿਚ ਇਹ ਐਕਟ ਲਾਗੂ ਕਰਵਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮੁਹਿੰਮ ਹੁਣ ਲੀਹ 'ਤੇ ਪੈ ਗਈ ਹੈ। ਐਕਟ ਛੇਤੀ ਹੀ ਸਾਰੇ ਰਾਜਾਂ ਵਿਚ ਲਾਗੂ ਹੋ ਜਾਵੇਗਾ।


Related News