5 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਬਜ਼ੁਰਗ ਨੂੰ 5 ਸਾਲ ਦੀ ਕੈਦ ਤੇ ਜੁਰਮਾਨਾ

02/22/2024 4:18:44 PM

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਕੁੱਝ ਮਹੀਨੇ ਪਹਿਲਾਂ 5 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ 65 ਸਾਲਾ ਬਜ਼ੁਰਗ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਨੂੰ 5 ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋਸ਼ੀ ਨੂੰ 3 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।

ਜਾਣਕਾਰੀ ਅਨੁਸਾਰ ਪੀੜਤ ਕੁੜੀ ਦੀ ਮਾਂ ਨੇ ਥਾਣਾ ਬੱਧਣੀਂ ਕਲਾਂ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ 65 ਸਾਲਾ ਬਜ਼ੁਰਗ ਉਸ ਦਾ ਰਿਸ਼ਤੇਦਾਰ ਸੀ ਅਤੇ ਉਕਤ ਗੁਆਂਢੀ ਦੇ ਘਰ ਵਿਚ ਵਿਆਹ ਸਮਾਗਮ ਹੋਣ ਕਾਰਣ ਉਸ ਵਿਚ ਸ਼ਾਮਲ ਹੋਣ ਲਈ ਆਇਆ ਸੀ ਅਤੇ ਕੁਝ ਸਮਾਂ ਆਰਾਮ ਕਰਨ ਲਈ ਉਨ੍ਹਾਂ ਦੇ ਘਰ ਆਇਆ ਸੀ। ਇਸ ਦੌਰਾਨ ਉਸ ਦੀ 5 ਸਾਲਾ ਧੀ ਉਸ ਕਮਰੇ ਵਿਚ ਗਈ, ਜਿੱਥੇ ਬਜ਼ੁਰਗ ਆਰਾਮ ਕਰ ਰਿਹਾ ਸੀ ਅਤੇ ਕਾਫੀ ਦੇਰ ਤੱਕ ਵਾਪਸ ਨਾ ਆਈ।

ਜਦੋਂ ਉਸ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਬਜ਼ੁਰਗ ਉਸਦੀ ਪੰਜ ਸਾਲਾ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ, ਜਿਸ ’ਤੇ ਉਸ ਨੇ ਰੌਲਾ ਪਾਇਆ ਅਤੇ ਬਜ਼ੁਰਗ ਮੌਕੇ ਤੋਂ ਖ਼ਿਸਕ ਗਿਆ। ਪੀੜਤ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਬੱਧਣੀਂ ਕਲਾਂ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਆਖ਼ਰੀ ਸੁਣਵਾਈ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਇਆ ਹੈ।


Babita

Content Editor

Related News