ਜਲੰਧਰ ਦੇ ਡੀ. ਸੀ. ਨੇ ਨਵਜੰਮੇ ਲਾਵਾਰਿਸ ਬੱਚਿਆਂ ਸਬੰਧੀ ਚੁੱਕਿਆ ਅਹਿਮ ਕਦਮ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

Thursday, Feb 29, 2024 - 06:58 PM (IST)

ਜਲੰਧਰ (ਬਿਊਰੋ) :  ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅਜਿਹੇ ਮਾਪਿਆਂ, ਜੋ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਤੋਂ ਅਸਮਰੱਥ ਹਨ, ਨੂੰ ਬੱਚਿਆਂ ਦੀਆਂ ਕੀਮਤੀ ਜਾਨਾਂ ਦੀ ਰਾਖੀ ਲਈ ‘ਪੰਘੂੜਾ’ ਸਕੀਮ ਦਾ ਸਹਾਰਾ ਲੈਣ ਦੀ ਅਪੀਲ ਕੀਤੀ। ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਬਾਲ ਭਲਾਈ ਅਤੇ ਸੁਰੱਖਿਆ ਕਮੇਟੀ (ਡੀ. ਸੀ. ਪੀ. ਸੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਜਿਸ ’ਚ ਉਨ੍ਹਾਂ ਨੇ ‘ਪੰਘੂੜਾ’ ਸਕੀਮ ਨੂੰ ਜ਼ਿਲ੍ਹੇ ’ਚ ਲਾਵਾਰਿਸ ਬੱਚਿਆਂ ਖ਼ਾਸ ਕਰਕੇ ਬੱਚੀਆਂ ਲਈ ਸੁਰੱਖਿਅਤ ਪਨਾਹਗਾਹ ਕਰਾਰ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵਿਲੱਖਣ ਸਕੀਮ ਗੈਰ-ਕਾਨੂੰਨੀ ਲਿੰਗ ਚੋਣ ਅਤੇ ਨਵਜੰਮੇ ਬੱਚਿਆਂ ਨੂੰ ਕੂੜੇ ਜਾਂ ਸੜਕਾਂ ਕਿਨਾਰੇ ਸੁੱਟਣ ’ਤੇ ਰੋਕ ਲਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਕੀਮ ਇਸ ਸਮੇਂ ਨਾਰੀ ਨਿਕੇਤਨ ਅਤੇ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ (ਯੂਨੀਕ ਹੋਮ) ਸਮੇਤ ਦੋ ਥਾਵਾਂ ’ਤੇ ਚੱਲ ਰਹੀ ਹੈ। ਸਾਰੰਗਲ ਨੇ ਕਿਹਾ ਕਿ ਅਣਚਾਹੇ ਬੱਚਿਆਂ ਨੂੰ ਇਨ੍ਹਾਂ ਥਾਵਾਂ ਦੇ ਬਾਹਰ ਪੰਘੂੜੇ ’ਚ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੇ ਮਾਪੇ ਜਾਂ ਤਾਂ ਬੱਚੇ ਨਹੀਂ ਚਾਹੁੰਦੇ ਜਾਂ ਇਨ੍ਹਾਂ ਦੀ ਪਰਵਰਿਸ਼ ਕਰਨ ਤੋਂ ਅਸਮਰੱਥ ਹੁੰਦੇ ਹਨ, ਇਸ ਲਈ ਬੱਚਿਆਂ ਨੂੰ ਏਧਰ-ਉਧਰ ਸੁੱਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਘੂੜਾ ਸਕੀਮ ਅਜਿਹੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਕਾਬੂ ਕਰਨ ’ਚ ਕਾਮਯਾਬ ਰਹੀ ਹੈ ਅਤੇ ਇਸ ਸਕੀਮ ਅਧੀਨ ਪਾਲਣ ਪੋਸ਼ਣ ਪ੍ਰਾਪਤ ਕਰਨ ਵਾਲੇ ਬੱਚੇ ਵਧੀਆ ਜੀਵਨ ਬਤੀਤ ਕਰ ਸਕਦੇ ਹਨ ਕਿਉਂਕਿ ਕਈ ਖੁਸ਼ਹਾਲ ਪਰਿਵਾਰਾਂ ਨੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਗੋਦ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਉਨ੍ਹਾਂ ਮਾਪਿਆਂ ਲਈ ਵਧੀਆ ਸਹਾਰੇ ਦੀ ਤਰ੍ਹਾਂ ਹੈ, ਜੋ ਆਪਣੇ ਬੱਚਿਆਂ ਨੂੰ ਪਾਲਣ ’ਚ ਅਸਮਰੱਥ ਹਨ।

ਇਹ ਵੀ ਪੜ੍ਹੋ : ਟਾਂਡਾ ’ਚ ਰੇਲਵੇ ਫਾਟਕ ਨੇੜੇ ਹੋਇਆ ਬਲਾਸਟ, ਪੁਲਸ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾ    

ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਅਧੀਨ ਬਾਲ ਘਰਾਂ ’ਚ ਰਹਿ ਰਹੇ ਬੱਚਿਆਂ ਲਈ ਕੋਚਿੰਗ ਕਲਾਸਾਂ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਤਾਂ ਜੋ ਉਨ੍ਹਾਂ ਨੂੰ ਬਾਲ ਘਰਾਂ ’ਚ ਵਧੀਆ ਵਿੱਦਿਅਕ ਸਹੂਲਤਾਂ ਮਿਲ ਸਕਣ। ਇਹ ਕੋਚਿੰਗ ਕਲਾਸਾਂ ਜ਼ਿਲ੍ਹੇ ਦੇ ਸਾਰੇ 7 ਬਾਲ ਘਰਾਂ ’ਚ ਲਗਾਈਆਂ ਜਾਣਗੀਆਂ, ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਜੁਵੇਨਾਈਲ ਜਸਟਿਸ ਐਕਟ, ਪੋਕਸੋ ਐਕਟ, ਬਾਲ ਮਜ਼ਦੂਰੀ ਐਕਟ, ਬਾਲ ਵਿਆਹ ਸੁਰੱਖਿਆ ਐਕਟ ਆਦਿ ਬਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾਉਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਤਰਜੀਹ ਦੇਣ ਦੀ ਤਾਕੀਦ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਾਲ ਘਰਾਂ ’ਚ ਯੋਗਾ, ਖੇਡ ਸਮਾਗਮ, ਆਰਟ ਐਂਡ ਕ੍ਰਾਫਟ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਨ੍ਹਾਂ ਦੇ ਬਚਪਨ ਦੀ ਰਾਖੀ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਡੀ. ਪੀ. ਓ. ਮਨਜਿੰਦਰ ਸਿੰਘ, ਡੀ. ਸੀ. ਪੀ. ਓ. ਅਜੈ ਭਾਰਤੀ, ਸੀ. ਡਬਲਿਊ. ਸੀ. ਦੇ ਮੈਂਬਰ ਬਲਦੇਵ ਸਿੰਘ, ਸਹਾਇਕ ਕਿਰਤ ਕਮਿਸ਼ਨਰ ਪ੍ਰਦੀਪ ਕੁਮਾਰ, ਐੱਲ. ਪੀ. ਓ. ਸੰਦੀਪ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਅਕਾਲੀ ਦਲ ਦਾ ਭਾਜਪਾ ਨਾਲ ਨਹੀਂ ਹੋਵੇਗਾ ਗਠਜੋੜ ! ਬਿਆਨਾਂ ਨੇ ਛੇੜੀ ਚਰਚਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Anuradha

Content Editor

Related News