ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਗਰਮਾਇਆ
Wednesday, Apr 24, 2019 - 11:07 AM (IST)
ਅੰਮ੍ਰਿਤਸਰ (ਸੰਜੀਵ, ਸੁਮਿਤ) : ਫਾਇਨਾਂਸ ਕੰਪਨੀ ਦੀ ਰਿਕਵਰੀ ਸੈੱਲ 'ਚ ਕੰਮ ਕਰਨ ਵਾਲਾ ਮੋਹਿਤ ਮਹਾਜਨ ਅਚਾਨਕ ਤੋਂ ਲਾਪਤਾ ਹੋ ਗਿਆ। ਥਾਣਾ ਮੋਹਕਮਪੁਰਾ ਦੀ ਪੁਲਸ ਨੇ ਉਸਦੇ ਭਰਾ ਪੰਕਜ ਮਹਾਜਨ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ 72 ਘੰਟੇ ਬੀਤ ਜਾਣ ਦੇ ਬਾਅਦ ਵੀ ਪੁਲਸ ਵਲੋਂ ਕੋਈ ਉੱਚ ਕਾਰਵਾਈ ਨਾ ਹੁੰਦੇ ਵੇਖ ਅੱਜ ਤੀਸਰੇ ਦਿਨ ਮੋਹਿਤ ਦੇ ਪਰਿਵਾਰ ਵਾਲਿਆਂ ਦੇ ਹੌਂਸਲੇ ਦਾ ਬੰਨ੍ਹ ਟੁੱਟ ਗਿਆ ਤੇ ਉਨ੍ਹਾਂ ਨੇ ਆਪਣੇ ਸੈਂਕੜੇ ਸਮੱਰਥਕਾਂ ਨਾਲ ਪੁਲਸ ਵਿਰੁੱਧ ਧਰਨਾ ਲਗਾ ਦਿੱਤਾ। ਘੰਟਿਆਂਬੱਧੀ ਸੜਕ ਜਾਮ ਰੱਖਣ ਦੇ ਬਾਅਦ ਥਾਣਾ ਮੋਹਕਮਪੁਰਾ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਛੇਤੀ ਉੱਚ ਕਾਰਵਾਈ ਦਾ ਭਰੋਸਾ ਦੇ ਧਰਨਾ ਚੁਕਵਾਇਆ।
ਕੀ ਸੀ ਮਾਮਲਾ
ਭੇਤਭਰੀ ਹਾਲਤ 'ਚ ਲਾਪਤਾ ਹੋਏ ਮੋਹਿਤ ਮਹਾਜਨ ਦੇ ਭਰਾ ਪੰਕਜ ਮਹਾਜਨ ਨੇ ਦੱਸਿਆ ਕਿ ਉਸਦਾ 30 ਸਾਲ ਦਾ ਭਰਾ ਮੋਹਿਤ ਦਮਲੋਰ ਫਾਇਨੈਸ਼ੀਅਲ ਸਰਵਿਸ ਇੰਡਿਆ ਪ੍ਰਾਈਵੇਟ ਲਿਮਟਿਡ 'ਚ ਪਿਛਲੇ ਇਕ ਸਾਲ ਤੋਂ ਨੌਕਰੀ ਕਰ ਰਿਹਾ ਸੀ ਜੋ ਉਨ੍ਹਾਂ ਦੇ ਰਿਕਵਰੀ ਸੈੱਲ 'ਚ ਸੀ। ਪਿਛਲੇ 20 ਅਪ੍ਰੈਲ ਦੁਪਹਿਰ 2 ਵਜੇ ਦੇ ਕਰੀਬ ਉਹ ਆਪਣੇ ਬੁਲੇਟ ਮੋਟਰਸਾਈਕਲ ਨੰਬਰ ਪੀ. ਬੀ. 02 ਡੀ. ਟੀ. 3740 'ਤੇ ਘਰੋਂ ਕੰਮ 'ਤੇ ਗਿਆ ਅਤੇ ਵਾਪਸ ਨਹੀਂ ਪਰਤਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਭਰਾ ਨੂੰ ਅਗਵਾ ਕਰਕੇ ਕਿਸੇ ਗੁਪਤਾ ਸਥਾਨ 'ਤੇ ਰੱਖਿਆ ਹੈ।
ਪਰਿਵਾਰ ਵਾਲਿਆਂ ਨੇ ਜਤਾਇਆ ਟਰੱਕ ਡਰਾਇਵਰ 'ਤੇ ਸ਼ੱਕ
ਪੰਕਜ ਮਹਾਜਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਸ ਨੂੰ ਆਪਣੇ ਭਰਾ ਮੋਹਿਤ ਮਹਾਜਨ ਦੀ ਜਹਾਜਗੜ੍ਹ ਤੋਂ ਮਿਲੀ ਸੀ. ਸੀ. ਟੀ. ਵੀ. ਫੁਟੇਜ ਦਿੱਤੀ ਹੈ, ਜਿਸ 'ਚ ਉਨ੍ਹਾਂ ਦਾ ਭਰਾ ਟਰੱਕ ਡਰਾਇਵਰ ਸੰਦੀਪ ਸਿੰਘ ਵਾਸੀ ਭੂਸੇ ਦੇ ਨਾਲ ਜਾ ਰਿਹਾ ਹੈ ਅਤੇ ਜਦੋਂ ਸੰਦੀਪ ਸਿੰਘ ਦੀ ਕਾਲ ਡਿਟੇਲ ਚੈੱਕ ਕੀਤੀ ਗਈ ਤਾਂ ਉਸਦੇ ਭਰਾ ਨੇ ਆਖਰੀ ਵਾਰ ਫੋਨ 'ਤੇ ਵੀ ਸੰਦੀਪ ਸਿੰਘ ਨਾਲ ਹੀ ਗੱਲ ਕੀਤੀ ਸੀ। ਉਸਦਾ ਭਰਾ ਕੰਪਨੀ ਵਲੋਂ ਫਾਇਨਾਂਸ ਕੀਤੇ ਗਏ ਟਰੱਕਾਂ ਦੀ ਪੇਮੈਂਟ ਇਕੱਠੀ ਕਰਦਾ ਸੀ ਅਤੇ ਸੰਦੀਪ ਸਿੰਘ ਨੇ ਉਸਦੇ ਭਰਾ ਦੀ ਕੰਪਨੀ ਤੋਂ ਟਰੱਕ ਫਾਇਨਾਂਸ ਕਰਵਾ ਰੱਖਿਆ ਸੀ। ਸਾਰੇ ਸਬੂਤ ਦੇਣ ਦੇ ਬਾਵਜੂਦ ਪੁਲਸ ਵਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਜਦੋਂ ਉਸਦਾ ਭਰਾ ਲਾਪਤਾ ਹੋਇਆ ਹੈ ਉਸਦੀ ਭਰਜਾਈ ਅਤੇ ਭਤੀਜਾ ਪ੍ਰੇਸ਼ਾਨ ਹੈ। ਉਨ੍ਹਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਜਿੰਨ੍ਹਾਂ 'ਤੇ ਉਨ੍ਹਾ ਨੂੰ ਸ਼ੱਕ ਹੈ ਉਸ ਵਿਅਕਤੀ ਨੂੰ ਵੀ ਪੁਲਸ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ।
ਕੀ ਕਹਿਣਾ ਹੈ ਪੁਲਸ ਦਾ
ਥਾਣਾ ਮੋਹਕਮਪੁਰਾ ਦੇ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ। ਸੰਦੀਪ ਸਿੰਘ ਨੂੰ ਥਾਣੇ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਦੋਂ ਕਿ ਉਹ ਅੱਜ ਥਾਣੇ ਨਹੀਂ ਪੁੱਜਾ, ਜਿਸ ਨੂੰ ਛੇਤੀ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾਵੇਗੀ।