ਅੰਮ੍ਰਿਤਸਰ ’ਚ ਪੁਲਸ ਨੇ ਦੋ ਨਸ਼ਾ ਤਸਕਰਾਂ ਨੂੰ 13 ਕਿਲੋ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ
Monday, Nov 21, 2022 - 09:16 PM (IST)
ਚੰਡੀਗੜ੍ਹ/ਅੰਮ੍ਰਿਤਸਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਸੋਮਵਾਰ ਨੂੰ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਨੂੰ 13 ਕਿਲੋ ਹੈਰੋਇਨ ਬਰਾਮਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਵੀਰ ਸਿੰਘ ਉਰਫ ਕਾਲਾ ਅਤੇ ਬਿੰਦਰ ਸਿੰਘ ਉਰਫ ਬਿੰਦੂ ਦੋਵੇਂ ਵਾਸੀ ਰਾਜਸਥਾਨ ਵਜੋਂ ਹੋਈ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਇਕ ਭਰੋਸੇਯੋਗ ਸੂਤਰ ਤੋਂ ਇਤਲਾਹ ਮਿਲੀ ਸੀ ਕਿ ਇਕ ਬੱਸ ’ਚ ਸਵਾਰ ਦੋ ਵਿਅਕਤੀ ਭਾਰੀ ਮਾਤਰਾ ’ਚ ਹੈਰੋਇਨ ਦੀ ਤਸਕਰੀ ਕਰਕੇ ਰਾਜਸਥਾਨ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਵੇਰਕਾ ਬਾਈਪਾਸ ਨੇੜੇ ਇਕ ਬੱਸ ਰਾਹੀਂ ਰਵਾਨਾ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ : ਅੱਤਵਾਦੀ ਰਿੰਦਾ ਦੀ ਮੌਤ ’ਤੇ ISI ਦਾ ਦਾਅਵਾ, ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਕਰੀਬੀ ਕਾਬੂ, ਪੜ੍ਹੋ Top 10
ਪ੍ਰਾਪਤ ਇਤਲਾਹ ’ਤੇ ਕਾਰਵਾਈ, ਖੁਫ਼ੀਆ ਸੂਚਨਾ ’ਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਏ. ਆਈ. ਜੀ. ਸੀ. ਆਈ. ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਵੇਰਕਾ ਬਾਈਪਾਸ ਨੇੜੇ ਲਗਾਏ ਪੁਲਸ ਨਾਕੇ ’ਤੇ ਦੋਵਾਂ ਮੁਲਜ਼ਮਾਂ ਨੂੰ 13 ਕਿਲੋ ਹੈਰੋਇਨ ਸਮੇਤ ਬੱਸ ਤੋਂ ਉਤਰਦਿਆਂ ਹੀ ਕਾਬੂ ਕਰ ਲਿਆ। ਏ. ਆਈ. ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ’ਚ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰੱਗ ਕਿੱਥੇ ਪਹੁੰਚਾਈ ਜਾਣੀ ਸੀ। ਜ਼ਿਕਰਯੋਗ ਹੈ ਕਿ ਕੇਸ ਸਬੰਧੀ ਐੱਫ. ਆਈ. ਆਰ. ਨੰ. 34 ਮਿਤੀ 21.11.2022 ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾ 21 ਅਤੇ 29 ਅਧੀਨ ਥਾਣਾ ਐੱਸ. ਐੱਸ. ਓ. ਸੀ. ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : CIA ਸਟਾਫ਼ ਫ਼ਰੀਦਕੋਟ ਦੀ ਵੱਡੀ ਕਾਰਵਾਈ, ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਕਰੀਬੀ ਗ੍ਰਿਫ਼ਤਾਰ