ਸੁਖਬੀਰ ਬਾਦਲ ਵਲੋਂ ਲਗਾਏ ਦੋਸ਼ਾਂ ਦਾ ਟਕਸਾਲੀਆਂ ਨੇ ਦਿੱਤਾ ਜਵਾਬ (ਵੀਡੀਓ)

Thursday, Jan 24, 2019 - 06:43 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਅਕਾਲੀ ਦਲ ਟਕਸਾਲੀ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਵਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਸਾਡੀ ਕੋਈ ਸਾਂਝ ਨਹੀਂ ਹੈ ਤੇ ਜੇਕਰ ਸੁਖਬੀਰ ਸੱਚਾ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਦੱਸੇ ਕਿ ਉਸ ਦੇ ਕੈਪਟਨ ਤੇ ਡੇਰਾ ਮੁੱਖੀ ਨਾਲ ਕੋਈ ਸਬੰਧ ਨਹੀਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕੋਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਤੇ ਗੁੰਮਰਾਹ ਕਰਨ ਲਈ ਕੋਈ ਮੁੱਦਾ ਨਹੀਂ ਬਚਿਆ। ਇਸ ਲਈ ਉਹ ਝੂਠੀਆਂ ਕਹਾਣੀਆਂ ਪੰਜਾਬ ਦੇ ਲੋਕਾਂ ਨੂੰ ਸੁਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਬਾਦਲ ਨਾਲ ਮੀਡੀਆ ਸਾਹਮਣੇ ਵੀ ਬਹਿਸ ਕਰਨ ਲਈ ਤਿਆਰ ਹਨ।

ਇਸ ਦੌਰਾਨ ਉਨ੍ਹਾਂ ਨੇ ਬਾਦਲ ਨੂੰ ਸਵਾਲ ਕੀਤਾ ਕੀ ਕਾਰਨ ਹੈ ਕਿ ਦਸ ਸਾਲ ਪੰਜਾਬ ਨੂੰ ਲੁੱਟਣ ਵਾਲੇ ਪਰਿਵਾਰ ਕੋਲੋਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਵੀ ਪੁੱਛ ਪੜਤਾਲ ਨਹੀਂ ਕੀਤੀ? ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਅੱਜ ਤੱਕ ਕੈਪਟਨ ਅਮਰਿੰਦਰ ਖਿਲਾਫ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਇਹ ਇਕ ਦੂਜੇ ਦੇ ਸਮਾਗਮਾਂ 'ਚ ਸ਼ਾਮਲ ਹੁੰਦੇ ਹਨ ਜਦਕਿ ਕਾਂਗਰਸੀ ਸਾਨੂੰ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਸੁਖਬੀਰ ਦੇ ਬੌਖਲਾਹਟ ਦਾ ਸਬੂਤ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ 'ਚ ਸੁਖਬੀਰ ਜਾਂ ਕੈਪਟਨ ਦੇ ਕਰਕੇ ਉਹ ਪਿੰਡਾਂ 'ਚ ਧੜੇਬਾਜ਼ੀ ਨਾ ਬਣਾਉਣ ਸਗੋਂ ਆਪਸੀ ਸਾਂਝਾ ਭਾਈਚਾਰਾਂ ਬਣਾ ਕੇ ਰੱਖਣ। ਉਨ੍ਹਾਂ ਨੇ ਸੁਖਬੀਰ ਵਲੋਂ ਕੀਤੀਆਂ ਜਾ ਰਹੀਆਂ ਵਰਕਰ ਮੀਟਿੰਗਾਂ ਸਬੰਧੀ ਬੋਲਦਿਆਂ ਕਿਹਾ ਕਿ ਅੱਜ ਜਦੋਂ ਸੁਖਬੀਰ ਕੋਲੋਂ ਕੁਰਸੀ ਚਲੀ ਗਈ ਉਦੋਂ ਉਸ ਨੂੰ ਵਰਕਰਾਂ ਦੀ ਯਾਦ ਆ ਗਈ ਤੇ 10 ਸਾਲ ਸੁਖਬੀਰ ਨੂੰ ਇਹ ਵਰਕਰ ਕਿਉਂ ਨਹੀਂ ਦਿਖਾਈ ਦਿੱਤੇ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸੁਖਬੀਰ ਤੋਂ ਸਾਵਧਾਨ ਰਹਿਣ।


author

Baljeet Kaur

Content Editor

Related News