ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਜਾਇਦਾਦ ਵੇਚਣ 'ਤੇ ਲੱਗੀ ਰੋਕ

01/23/2020 1:11:20 PM

ਅੰਮ੍ਰਿਤਸਰ (ਮਮਤਾ) : ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਵ. ਗਿਆਨੀ ਸੰਤ ਸਿੰਘ ਦੇ ਤਮਲੀਕਨਾਮੇ ਅਨੁਸਾਰ ਸੰਤ ਸਿੰਘ ਸੁੱਖਾ ਸਿੰਘ ਮੈਨੇਜਮੈਂਟ ਅਧੀਨ ਜ਼ਮੀਨ-ਜਾਇਦਾਦ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਦਰਜ ਹੈ ਪਰ ਮੌਜੂਦਾ ਕਾਬਜ਼ ਪ੍ਰਬੰਧਕਾਂ ਵਲੋਂ ਤਮਲੀਕਨਾਮੇ ਦੇ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਇਹ ਜ਼ਮੀਨਾਂ ਵੇਚੀਆਂ ਗਈਆਂ ਹਨ ਅਤੇ ਵੇਚੀਆਂ ਜਾ ਰਹੀਆਂ ਹਨ। ਤਮਲੀਕਨਾਮੇ ਅਨੁਸਾਰ ਉਨ੍ਹਾਂ ਨੂੰ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਆਦਿ ਸਬੰਧੀ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਅਜਿਹੀ ਕੋਈ ਕਾਨੂੰਨੀ ਸ਼ਕਤੀ ਉਨ੍ਹਾਂ ਕੋਲ ਹੈ। ਤਮਲੀਕਨਾਮੇ ਅਨੁਸਾਰ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਨਾਮਜ਼ਦ ਮੈਂਬਰਾਂ ਦੀ ਬਣੀ ਕਮੇਟੀ ਹੀ ਇਸ ਜ਼ਮੀਨ-ਜਾਇਦਾਦ ਦੀ ਹੱਕਦਾਰ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਗੈਰ-ਕਾਨੂੰਨੀ ਤੌਰ 'ਤੇ ਵੇਚੀਆਂ ਜਾ ਰਹੀਆਂ ਜਾਇਦਾਦਾਂ ਵਿਰੁੱਧ ਸ੍ਰੀ ਗੁਰੂ ਸਿੰਘ ਸਭਾ ਵਲੋਂ ਮਾਣਯੋਗ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਗਿਆ ਸੀ, ਜਿਸ ਦੇ ਸਨਮੁੱਖ ਮਾਣਯੋਗ ਜੱਜ ਵਲੋਂ ਸਵ. ਗਿਆਨੀ ਸੰਤ ਸਿੰਘ ਜੀ ਦੇ ਤਮਲੀਕਨਾਮੇ ਅਨੁਸਾਰ ਸੰਤ ਸਿੰਘ ਸੁੱਖਾ ਸਿੰਘ ਅਧੀਨ ਜੋ ਜ਼ਮੀਨ-ਜਾਇਦਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਬੋਲਦੀ ਹੈ, ਨੂੰ ਵੇਚਣ 'ਤੇ ਸਥਾਈ ਰੂਪ 'ਚ ਸਟੇਅ ਦੇ ਦਿੱਤਾ ਗਿਆ ਹੈ ਤਾਂ ਜੋ ਕਰੋੜਾਂ ਦੀ ਜਾਇਦਾਦ ਖੁਰਦ-ਬੁਰਦ ਨਾ ਕੀਤੀ ਜਾ ਸਕੇ। ਯਾਦ ਰਹੇ ਕਿ ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਵਲੋਂ ਇਸ ਜ਼ਮੀਨ 'ਚੋਂ ਗੈਰ-ਕਾਨੂੰਨੀ ਢੰਗ ਨਾਲ ਆਪਣੀ ਪਤਨੀ ਦੇ ਨਾਂ 'ਤੇ 2900 ਗਜ਼ ਜ਼ਮੀਨ ਸਿਰਫ 22,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਕਾਬਜ਼ ਪ੍ਰਬੰਧਕਾਂ ਤੋਂ ਖਰੀਦ ਕੇ ਤੀਸਰੇ ਦਿਨ ਤਕਰੀਬਨ 70,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤੀ ਗਈ।


Baljeet Kaur

Content Editor

Related News