ਸ਼੍ਰੋਮਣੀ ਕਮੇਟੀ ਦਾ 9 ਅਰਬ 81 ਕਰੋੜ 94 ਲੱਖ 80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਪਾਸ

09/29/2020 9:56:24 AM

ਅੰਮ੍ਰਿਤਸਰ (ਦੀਪਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਏ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਲ 2020-21 ਦਾ 9 ਅਰਬ 81 ਕਰੋੜ 94 ਲੱਖ 80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਵਲੋਂ ਪੇਸ਼ ਕੀਤਾ ਗਿਆ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰੇ ਗਜਾ ਕੇ ਪ੍ਰਵਾਨਗੀ ਦਿੱਤੀ। ਬਜਟ ਵਿਚ ਜਨਰਲ ਬੋਰਡ ਫੰਡ ਲਈ 57 ਕਰੋੜ ਰੁਪਏ, ਟਰੱਸਟ ਫੰਡ ਲਈ 37 ਕਰੋੜ 61 ਲੱਖ ਰੁਪਏ, ਪੜ੍ਹਾਈ ਲਈ 28 ਕਰੋੜ 44 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਲਈ 58 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ 8 ਕਰੋੜ 2 ਲੱਖ ਰੁਪਏ, ਵਿਦਿਅਕ ਅਦਾਰਿਆਂ ਲਈ 2 ਅਰਬ 15 ਕਰੋੜ ਰੁਪਏ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਲਈ 87 ਲੱਖ 80 ਹਜ਼ਾਰ 500 ਰੁਪਏ, ਗੁਰਦੁਆਰਾ ਸਾਹਿਬਾਨ ਸੈਕਸ਼ਨ-85 ਲਈ 5 ਅਰਬ 77 ਕਰੋੜ ਰੁਪਏ ਰੱਖੇ ਗਏ ਹਨ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦਾ ਇਸ ਵਾਰ ਦਾ ਬਜਟ ਪਿਛਲੇ ਸਾਲ ਨਾਲੋਂ 18.51 ਫੀਸਦੀ ਘੱਟ ਰਿਹਾ। ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਹਰ ਸਾਲ ਮਾਰਚ ਮਹੀਨੇ ਵਿਚ ਕੀਤਾ ਜਾਂਦਾ ਹੈ ਪਰੰਤੂ ਇਸ ਵਾਰ ਕੋਰੋਨਾ ਕਾਰਨ ਸੰਭਵ ਨਹੀਂ ਸੀ ਹੋ ਸਕਿਆ। ਇਸ ਕਾਰਣ ਅੰਤ੍ਰਿੰਗ ਕਮੇਟੀ ਵੱਲੋਂ ਹੀ 2 ਵਾਰ ਤਿੰਨ-ਤਿੰਨ ਮਹੀਨਿਆਂ ਦੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਰਹੀ ਸੀ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੁਪਹਿਰ 1.00 ਵਜੇ ਸ਼ੁਰੂ ਹੋਏ ਬਜਟ ਇਜਲਾਸ ਮੌਕੇ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਜਦਕਿ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਪ੍ਰੰਪਰਾ ਅਨੁਸਾਰ ਬਜਟ ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਸ਼ੁਰੂ ਕੀਤੀ।

ਇਹ ਵੀ ਪੜ੍ਹੋ :ਖੇਤੀ ਬਿੱਲਾਂ 'ਤੇ ਕੈਪਟਨ ਦਾ ਜਵਾਬ, ਨਹੀਂ ਰੁਲ੍ਹਣ ਦੇਵਾਂਗੇ ਕਿਸਾਨ

ਬਜਟ ਇਜਲਾਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਜਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੇਸ਼ੱਕ ਬਜਟ ਕੋਰੋਨਾ ਕਾਰਨ ਪ੍ਰਭਾਵਿਤ ਹੋਇਆ ਹੈ ਪਰੰਤੂ ਫਿਰ ਵੀ ਬਜਟ ਸੰਗਤਾਂ ਦੀ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ, ਇਸ ਵਿਚ ਹਰ ਪੱਖ ਨੂੰ ਤਵੱਜੋਂ ਦਿੱਤੀ ਗਈ ਹੈ। ਆ ਰਹੀਆਂ ਸ਼ਤਾਬਦੀਆਂ, ਅੰਮ੍ਰਿਤਧਾਰੀ ਬੱਚਿਆਂ, ਸਿਕਲੀਗਰ ਅਤੇ ਵਣਜਾਰੇ ਸਿੱਖਾਂ, ਗੁਰਸਿੱਖ ਖਿਡਾਰੀਆਂ ਤੇ ਮੁਕਾਬਲਾ ਪ੍ਰੀਖਿਆਵਾਂ ਵਿਚ ਬੇਹਤਰ ਕਾਰਗੁਜਾਰੀ ਦਿਖਾਉਣ ਵਾਲੇ ਸਿੱਖ ਨੌਜਵਾਨਾਂ ਲਈ ਬਜਟ ਵਿਚ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਵਾਤਾਵਰਣ ਦੀ ਸ਼ੁੱਧਤਾ, ਕੁਦਰਤੀ ਆਫਤਾਂ ਦੇ ਨਾਲ-ਨਾਲ ਕੁਦਰਤੀ ਖੇਤੀ ਨੂੰ ਪ੍ਰਫੁੱਲਿਤ ਕਰਨਾ ਬਜਟ ਦਾ ਮੁੱਖ ਏਜੰਡਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅੰਦਰ 200 ਸਿੱਖ ਲੜਕੀਆਂ ਨੂੰ ਮੁਫ਼ਤ ਪੜ੍ਹਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਬਜਟ ਵਿਚ ਇਸ ਕਾਰਜ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਇਸ ਤਹਿਤ ਦਾਖਲ ਕੀਤੀਆਂ ਜਾਣ ਵਾਲੀਆਂ ਲੜਕੀਆਂ ਵਿੱਚੋਂ 10 ਫੀਸਦੀ ਕੋਟਾ ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਗ੍ਰੰਥੀਆਂ ਅਤ ਅਖੰਡਪਾਠੀਆਂ ਦੀਆਂ ਬੱਚੀਆਂ ਲਈ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 5 ਫੀਸਦੀ ਕੋਟਾ ਆਰਥਿਕ ਤੌਰ 'ਤੇ ਕੰਮਜੋਰ ਗੁਰਸਿੱਖ ਪਰਿਵਾਰਾਂ ਦੀਆਂ ਲੜਕੀਆਂ ਲਈ ਹੋਵੇਗਾ।

ਇਹ ਵੀ ਪੜ੍ਹੋ :  ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ

ਉਨ੍ਹਾਂ ਦੱਸਿਆ ਕਿ ਆ ਰਹੀਆਂ ਸ਼ਤਾਬਦੀਆਂ ਲਈ ਬਜਟ ਵਿਚ 3 ਕਰੋੜ 45 ਲੱਖ 70 ਹਜ਼ਾਰ ਰੁਪਏ ਰੱਖੇ ਗਏ ਹਨ। ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ, ਭਾਈ ਤਾਰੂ ਸਿੰਘ ਜੀ 300 ਸਾਲਾ ਜਨਮ ਦਿਹਾੜਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰਸਿੱਖ ਖਿਡਾਰੀਆਂ ਅਤੇ ਖੇਡਾਂ ਲਈ 90 ਲੱਖ ਰੁਪਏ ਅਤੇ ਕੁਦਰਤੀ ਆਫਤਾਂ ਲਈ 96 ਲੱਖ ਰੁਪਏ ਰੱਖੇ ਗਏ ਹਨ। ਸਿਕਲੀਗਰ ਵਣਜਾਰੇ ਸਿੱਖਾਂ ਅਤੇ ਪੰਜਾਬ ਤੋਂ ਬਾਹਰ ਗੁਰਦੁਆਰਿਆਂ, ਸਕੂਲਾਂ ਆਦਿ ਲਈ 5 ਕਰੋੜ 30 ਲੱਖ ਰੁਪਏ, ਆਰਥਿਕ ਪੱਖੋਂ ਕਮਜ਼ੋਰ ਲੋਕਾਂ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ 1 ਕਰੋੜ 50 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖ ਇਤਿਹਾਸ ਦੀ ਖੋਜ, ਲਿਖਾਈ ਤੇ ਛਪਾਈ ਆਦਿ ਲਈ 5 ਲੱਖ 70 ਹਜ਼ਾਰ ਰੁਪਏ ਰੱਖੇ ਹਨ। ਅੰਮ੍ਰਿਤਧਾਰੀ ਵਿਦਿਆਰਥੀਆਂ ਦੀਆਂ ਫੀਸਾਂ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਸ਼ਨ ਅੰਬਾਲਾ ਲਈ 14 ਕਰੋੜ 20 ਲੱਖ ਰੁਪਏ ਬਜਟ ਵਿਚ ਰੱਖੇ ਗਏ ਹਨ। ਅੰਮ੍ਰਿਤਧਾਰੀ ਬੱਚਿਆਂ ਦੀ ਪੜ੍ਹਾਈ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਬੀਬੀ ਕਿਰਨਜੋਤ ਕੌਰ,ਸੇਵਾ ਸਿੰਘ ਸੇਖਵਾਂ,ਗੁਰਪ੍ਰੀਤ ਸਿੰਘ ਰੰਧਾਵਾ ਅਤੇਬਲਵਿੰਦਰ ਸਿੰਘ ਬੈਂਸ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਹ ਵੀ ਪੜ੍ਹੋ :ਤਵੇਤੀਆ ਦੇ ਪੰਜ ਛੱਕਿਆਂ ਨੂੰ ਦੇਖ ਡਰੇ ਯੁਵਰਾਜ, ਟਵੀਟ ਕਰ ਲਿਖਿਆ- 'ਨਾ ਬਾਈ ਨਾ'

ਭਾਈ ਲੌਂਗੋਵਾਲ ਨੇ ਵਿਰੋਧ ਕਰਨ ਵਾਲੇ ਮੈਂਬਰਾਂ ਨੂੰ ਕੀਤੇ ਤਿੱਖੇ ਸਵਾਲ
ਬਜਟ ਇਜਲਾਸ ਦੌਰਾਨ ਕੁਝ ਮੈਂਬਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੇ ਗਏ ਸ਼ੋਰ-ਸ਼ਰਾਬੇ ਨੂੰ ਭਾਈ ਲੌਂਗੋਵਾਲ ਨੇ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਜਨਰਲ ਇਜਲਾਸ ਦੀ ਮਰਿਆਦਾ ਨੂੰ ਵੀ ਨਹੀਂ ਜਾਣਦੇ, ਉਹ ਸਿੱਖਾਂ ਦੀ ਕੀ ਅਗਵਾਈ ਕਰ ਸਕਦੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਕੁਝ ਮੈਂਬਰਾਂ ਵੱਲੋਂ ਆਰੰਭਤਾ ਸਮੇਂ ਹੀ ਸ਼ੋਰ-ਸ਼ਰਾਬਾ ਸ਼ੁਰੂ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਜਨਰਲ ਹਾਊਸ ਦੀ ਮਰਿਆਦਾ ਹੈ ਕਿ ਜਿਹੜਾ ਵੀ ਬੋਲਣਾ ਚਾਹੁੰਦਾ ਹੈ ਉਹ ਪ੍ਰਵਾਨਗੀ ਨਾਲ ਅਖੀਰ ਸਮੇਂ ਬੋਲ ਸਕਦਾ ਹੈ ਪ੍ਰੰਤੂ ਜਾਣਬੁਝ ਕੇ ਜਨਰਲ ਹਾਊਸ ਦੀ ਮਰਿਆਦਾ ਭੰਗ ਕਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼ੋਰ-ਸ਼ਰਾਬਾ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਮਤਿਆਂ ਦੀ ਕੁਝ ਮੈਂਬਰ ਮੰਗ ਕਰ ਰਹੇ ਸਨ ਉਹ ਪਹਿਲਾਂ ਹੀ ਸ਼ਾਮਲ ਕੀਤੇ ਗਏ ਸਨ। ਭਾਈ ਲੌਂਗੋਵਾਲ ਨੇ ਇਸ ਗੱਲ 'ਤੇ ਵੀ ਸਵਾਲ ਖੜ੍ਹਾ ਕੀਤਾ ਕਿ ਜਦੋਂ ਵਿਰੋਧ ਕਰਨ ਵਾਲੇ ਸਾਰੇ ਮੈਂਬਰਾਂ ਨੂੰ ਬੋਲਣ ਦਾ ਸਮਾਂ ਦੇ ਦਿੱਤਾ ਗਿਆ ਤਾਂ ਇਸ ਮਗਰੋਂ ਵੀ ਉਹ ਅਰਦਾਸ ਵਿਚ ਸਮਾਪਤੀ ਤੱਕ ਕਿਉਂ ਨਹੀਂ ਖੜ੍ਹੇ। ਉਨ੍ਹਾਂ ਕਿਹਾ ਕਿ ਹਾਊਸ ਦੀ ਮਰਿਆਦਾ ਉਲੰਘ ਕੇ ਵਿਰੋਧ ਕਰਨ ਵਾਲੇ ਮੈਂਬਰਾਂ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ।


Baljeet Kaur

Content Editor

Related News