ਕੀ ਨਵਾਂ ਪ੍ਰਧਾਨ ਨਿਯੁਕਤ ਕਰ SGPC ਪਾਵਨ ਸਰੂਪ ਦੇ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਮੁਕਤ ਹੋ ਜਾਵੇਗੀ?

Saturday, Nov 28, 2020 - 11:29 AM (IST)

ਅੰਮ੍ਰਿਤਸਰ (ਅਨਜਾਣ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪ੍ਰਧਾਨਗੀ ਦੇ ਅਹੁਦੇ ਲਈ ਚੁਣੇ ਗਏ ਬੀਬੀ ਜਗੀਰ ਕੌਰ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇਸ ਮਹੱਤਵਪੂਰਨ ਅਹੁਦੇ 'ਤੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਕੁਝ ਦੂਸਰੇ ਪ੍ਰਧਾਨਾਂ ਵਾਂਗ ਵਿਵਾਦਾਂ 'ਚ ਘਿਰੇ ਰਹੇ ਹਨ। ਸਵਾਲ ਇਹ ਉੱਠਦਾ ਹੈ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਕਾਰਜਕਾਲ ਖ਼ਤਮ ਹੋਣ ਅਤੇ ਬੀਬੀ ਜਗੀਰ ਕੌਰ ਦੇ ਕਾਰਜਕਾਲ ਸ਼ੁਰੂ ਹੋਣ ਨਾਲ ਕੀ ਸ਼੍ਰੋਮਣੀ ਕਮੇਟੀ ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਗਤਾਂ ਦੇ ਸਵਾਲਾਂ ਦੇ ਘੇਰੇ ਤੋਂ ਮੁਕਤ ਹੋ ਜਾਂਦੀ ਹੈ। ਇਸ ਬਾਰੇ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵਲੋਂ ਜੋ ਪ੍ਰਤੀਕਰਮ ਦਿੱਤੇ ਗਏ, 'ਜਗ ਬਾਣੀ ਵਲੋਂ ਉਨ੍ਹਾਂ ਨੂੰ ਕਲਮਬੰਦ ਕਰ ਕੇ ਰੂ-ਬਰੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰਾਬ ਦੇ ਨਸ਼ੇ 'ਚ ਨੌਜਵਾਨ ਵਲੋਂ ਸਾਥੀ ਦਾ ਕਤਲ

ਲੌਂਗੋਵਾਲ ਨੂੰ ਹਟਾਏ ਜਾਣਾ ਸਮੇਂ ਦੀ ਲੋੜ ਸੀ : ਦਲ ਖ਼ਾਲਸਾ, ਅਕਾਲ ਫੈੱਡਰੇਸ਼ਨ, ਸਿੱਖ ਯੂਥ ਫ਼ੈਡਰੇਸ਼ਨ
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ, ਅਕਾਲ ਫੈਡਰੇਸ਼ਨ ਦੇ ਮੁਖੀ ਨਰਾਇਣ ਸਿੰਘ ਚੌੜਾ ਅਤੇ ਸਿੱਖ ਯੂਥ ਫਿਡਰੇਸ਼ਨ ਭਿੰਡਰਾਂਵਾਲਾ ਦੇ ਵਾਈਸ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਲੌਂਗੋਵਾਲ ਨੂੰ ਹਟਾਏ ਜਾਣਾ ਸਮੇਂ ਦੀ ਲੋੜ ਸੀ ਕਿਉਂਕਿ ਉਨ੍ਹਾਂ ਦੀ ਅਯੋਗਤਾ ਅਤੇ ਨਕਾਮੀਆਂ ਕਾਰਣ ਸਿੱਖ ਸੰਸਥਾ ਦੇ ਅਕਸ ਅਤੇ ਨਾਂ ਨੂੰ ਸੱਟ ਵੱਜ ਰਹੀ ਸੀ। ਉਨ੍ਹਾਂ ਕਿਹਾ ਕਿ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦਾ ਹੱਲ ਕਰਨ 'ਚ ਲੌਂਗੋਵਾਲ ਦੀ ਕਾਰਗੁਜ਼ਾਰੀ ਸਿਫ਼ਰ (ਜ਼ੀਰੋ) ਰਹੀ ਹੈ। ਟਾਸਕ ਫ਼ੋਰਸ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਰੋਸ ਕਰਦੇ ਸਿੱਖਾਂ ਦੀ ਕੁੱਟਮਾਰ ਅਤੇ ਕਕਾਰਾਂ ਅਤੇ ਦਸਤਾਰਾਂ ਦੀ ਬੇਅਦਬੀ ਨੇ ਸਮੁੱਚੇ ਸਿੱਖ ਜਗਤ ਨੂੰ ਸ਼ਰਮਸਾਰ ਕੀਤਾ ਸੀ। ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ 'ਤੇ ਸੰਗਤਾਂ ਦੀ ਤਸੱਲੀ ਅਤੇ ਭਾਵਨਾਵਾਂ ਅਨੁਸਾਰ ਲਾਪਤਾ ਸਰੂਪਾਂ ਦਾ ਮਾਮਲਾ ਹੱਲ ਕਰਨ ਦੀ ਜ਼ਿੰਮੇਵਾਰੀ ਅਹਿਦ ਹੁੰਦੀ ਹੈ।

ਇਹ ਵੀ ਪੜ੍ਹੋ : ਬੈਂਸ 'ਤੇ ਜਬਰ-ਜ਼ਿਨਾਹ ਦੋਸ਼ ਲਾਉਣ ਵਾਲੀ ਜਨਾਨੀ ਦੀ ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ

ਅਫ਼ਸੋਸ ਕਿ ਕਿਸੇ ਨੇ ਵੀ ਜ਼ਮੀਰ ਦੀ ਆਵਾਜ਼ ਨਹੀਂ ਸੁਣੀ : ਬੈਂਸ
ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਫ਼ਸੋਸ ਕਿ ਕਿਸੇ ਨੇ ਵੀ ਜ਼ਮੀਰ ਦੀ ਆਵਾਜ਼ ਨਹੀਂ ਸੁਣੀ ਅਤੇ ਬਾਦਲਾਂ ਦੇ ਲਿਫ਼ਾਫ਼ੇ ਦੇ ਪ੍ਰਧਾਨ ਨੂੰ ਹੀ ਸਵੀਕਾਰ ਕੀਤਾ। ਫ਼ੇਰ ਵੀ ਜਿਨ੍ਹਾਂ ਦੀ ਜ਼ਮੀਰ ਜਾਗੀ ਉਸ ਅਨੁਸਾਰ ਵਿਰੋਧੀ ਧਿਰ ਵਜੋਂ ਪਹਿਲਾਂ ਸਾਡੀਆਂ ਵੋਟਾਂ 11 ਸਨ ਅਤੇ ਇਸ ਵਾਰ ਉਹ 20 ਹੋ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਭਾਵੇਂ ਕੋਈ ਵੀ ਆ ਜਾਏ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਉਹ ਆਪਣੇ ਫ਼ਰਜ਼ਾਂ ਤੋਂ ਕਦਾਚਿਤ ਵੀ ਪਾਸਾ ਨਹੀਂ ਵੱਟ ਸਕਦਾ। ਪਾਰਟੀ ਦੇ ਮਾਝੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਅਤੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਦਿਨੋਂ-ਦਿਨ ਆਉਂਦੇ ਨਿਘਾਰ ਦਾ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਠਹਿਰਾਇਆ।

ਇਹ ਵੀ ਪੜ੍ਹੋ : ਇੰਡੀਆ ਗੇਟ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ 'ਤੇ ਜਾਰੀ ਹੋਇਆ ਤਾਜ਼ਾ ਅਲਰਟ

ਬਾਦਲਾਂ ਦੇ ਲਿਫ਼ਾਫ਼ੇ ਵਾਲਾ ਕੋਈ ਵੀ ਪ੍ਰਧਾਨ ਇਨਸਾਫ਼ ਨਹੀਂ ਦੇ ਸਕਦਾ : ਸਖੀਰਾ
ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖ਼ੀਰਾ ਨੇ ਕਿਹਾ ਕਿ ਭਾਵੇਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਵੇ ਅਤੇ ਭਾਵੇਂ ਬੀਬੀ ਜਗੀਰ ਕੌਰ ਪ੍ਰਧਾਨ, ਬਾਦਲਾਂ ਦੇ ਲਿਫ਼ਾਫ਼ੇ ਵਾਲੇ ਕਿਸੇ ਵੀ ਪ੍ਰਧਾਨ ਕੋਲੋਂ ਪਾਵਨ ਸਰੂਪਾਂ ਦੀ ਬੇਅਦਬੀ ਲਈ ਇਨਸਾਫ਼ ਨਹੀਂ ਮਿਲ ਸਕਦਾ। ਜਿੰਨੀ ਦੇਰ ਤਕ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਟੋਲੇ ਤੋਂ ਆਜ਼ਾਦ ਨਹੀਂ ਕਰਵਾਇਆ ਜਾਂਦਾ ਓਨੀ ਦੇਰ ਤਕ ਸ਼੍ਰੋਮਣੀ ਕਮੇਟੀ ਦਾ ਵਿਗੜਿਆ ਅਕਸ ਠੀਕ ਨਹੀਂ ਹੋ ਸਕਦਾ। ਬਾਦਲ ਇਹ ਨਾ ਸਮਝਣ ਕਿ ਨਵੇਂ ਬਣੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਹੁਦਾ ਸੰਭਾਲਣ ਉਪਰੰਤ ਪਾਵਨ ਸਰੂਪਾਂ ਲਈ ਸੰਗਤਾਂ ਨੂੰ ਇਨਸਾਫ਼ ਦਿਵਾਉਣ ਦੀ ਜ਼ਿੰਮੇਵਾਰੀ ਖ਼ਤਮ ਹੋ ਜਾਂਦੀ ਹੈ। ਜੋ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਆਏਗਾ ਉਹ ਜਾਂ ਤਾਂ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਨਸਾਫ਼ ਕਰੇਗਾ, ਨਹੀਂ ਤਾਂ ਗੁਰੂ ਦਾ ਦੇਣਦਾਰ ਹੋਵੇਗਾ।


Baljeet Kaur

Content Editor

Related News