ਐੱਸ.ਜੀ.ਪੀ.ਸੀ. ਵਲੋਂ 12 ਅਰਬ 5 ਕਰੋੜ ਦਾ ਬਜਟ ਪਾਸ (ਵੀਡੀਓ)

Saturday, Mar 30, 2019 - 05:15 PM (IST)

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ 12 ਅਰਬ 5 ਕਰੋੜ ਤਿੰਨ ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਸਾਲ 2019-20 ਦੌਰਾਨ ਸਰਬਸੰਮਤੀ ਬਜਟ ਪਾਸ ਕੀਤਾ ਗਿਆ, ਜੋ ਪਿਛਲੇ ਸਾਲ ਦੇ 11 ਅਰਬ 59 ਕਰੋੜ 67 ਲੱਖ ਰੁਪਏ ਦੇ ਬਜਟ ਤੋਂ ਤਕਰੀਬਨ 45 ਕਰੋੜ ਰੁਪਏ ਵੱਧ ਹੈ। ਇਹ ਬਜਟ ਇਜਲਾਸ ਕਾਫੀ ਹੰਗਾਮੇ ਭਰਿਆ ਰਿਹਾ, ਜਿੱਥੇ ਮੈਂਬਰਾਂ ਨੇ ਬਰਗਾੜੀ ਕਾਂਡ ਅਤੇ ਮੁਲਾਜ਼ਮਾਂ ਦੀ ਭਰਤੀ 'ਚ ਧਾਂਦਲੀ ਦੇ ਮੁੱਦੇ 'ਤੇ ਤਲਖ਼ ਕਲਾਮੀ ਵੀ ਹੋਈ।

ਜਾਣਕਾਰੀ ਮੁਤਾਬਕ ਬਜਟ 'ਚ ਸਿੱਖ ਇਤਿਹਾਸ ਦੀ ਖੋਜ ਅਤੇ ਹੋਰ ਪੁਰਾਤਨ ਗ੍ਰੰਥਾਂ ਦੀ ਛਪਾਈ ਲਈ 70 ਲੱਖ, ਵਿਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਛਪਾਈ ਲਈ 2 ਕਰੋੜ 50 ਲੱਖ, ਧਰਮ ਪ੍ਰਚਾਰ ਲਈ 84 ਕਰੋੜ, ਵਿਦਿਅਕ ਅਦਾਰਿਆਂ ਲਈ 238 ਕਰੋੜ, ਨਵੀਆਂ ਸਰਾਵਾਂ ਬਣਾਉਣ ਲਈ 8 ਕਰੋੜ, ਗੁਰੂਦੁਆਰਾ ਸਾਹਿਬਾਨ 'ਚ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਜਨਰੇਟਰ ਲੈਣ ਦੇ 29 ਕਰੋੜ 89 ਲੱਖ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 280 ਕਰੋੜ, ਜਨਰਲ ਬੋਰਡ ਫ਼ੰਡ 72 ਕਰੋੜ 50 ਲੱਖ, ਟਰੱਸਟ ਫ਼ੰਡ ਲਈ 50 ਕਰੋੜ 60 ਲੱਖ, ਮਾਰੂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ, ਗ਼ਰੀਬ ਬੱਚਿਆਂ ਦੀ ਪੜ੍ਹਾਈ ਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਮਦਦ ਲਈ ਇੱਕ ਕਰੋੜ 95 ਲੱਖ, ਕੁਦਰਤੀ ਆਫ਼ਤਾਂ ਲਈ 70 ਲੱਖ, ਧਰਮੀ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ 2 ਕਰੋੜ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਲਈ 12 ਕਰੋੜ 63 ਲੱਖ ਰੁਪਏ ਰੱਖੇ ਗਏ ਹਨ।


author

Baljeet Kaur

Content Editor

Related News