4 ਸਾਲ ਪਹਿਲਾਂ ਵੀ ਸਕੂਲ ਵੈਨ ਨੇ ਲਈ ਸੀ 7 ਮਾਸੂਮ ਬੱਚਿਆਂ ਦੀ ਜਾਨ

Sunday, Feb 16, 2020 - 09:55 AM (IST)

4 ਸਾਲ ਪਹਿਲਾਂ ਵੀ ਸਕੂਲ ਵੈਨ ਨੇ ਲਈ ਸੀ 7 ਮਾਸੂਮ ਬੱਚਿਆਂ ਦੀ ਜਾਨ

ਅੰਮ੍ਰਿਤਸਰ (ਨੀਰਜ) : ਅੰਮ੍ਰਿਤਸਰ ਜ਼ਿਲੇ ਦੇ ਕਸਬੇ ਅਟਾਰੀ 'ਚ ਸਾਲ 2016 ਸਤੰਬਰ ਦੇ ਮਹੀਨੇ 'ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਸਰਹੱਦੀ ਪਿੰਡ ਮੁਹਾਵਾ ਦੀ ਡਿਫੈਂਸ ਡਰੇਨ 'ਚ ਜਾ ਡਿੱਗੀ ਸੀ, ਜਿਸ ਨਾਲ ਇਸ ਵੈਨ ਵਿਚ ਸਵਾਰ 7 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ। ਇਹ ਨਰਸਰੀ ਅਤੇ ਹੋਰ ਛੋਟੀਆਂ ਕਲਾਸਾਂ ਦੇ ਬੱਚੇ ਸਨ, ਜੋ ਬੱਸ 'ਚ ਸਵਾਰ ਸਨ। ਡਰੇਨ ਵਿਚ ਪਾਣੀ ਹੋਣ ਕਾਰਣ ਇਹ ਬੱਚੇ ਵੈਨ ਤੋਂ ਬਾਹਰ ਨਹੀਂ ਨਿਕਲ ਸਕੇ ਸਨ, ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਸੀ। ਹਾਲਾਂਕਿ ਬੱਸ 'ਚ ਸਵਾਰ ਹੋਰ ਬੱਚੇ ਜੋ ਉਮਰ ਵਿਚ ਥੋੜ੍ਹੇ ਵੱਡੇ ਸਨ, ਉਨ੍ਹਾਂ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਡਰੇਨ 'ਚੋਂ ਬਾਹਰ ਕੱਢਿਆ ਗਿਆ ਸੀ। ਇਸ ਮਾਮਲੇ ਵਿਚ ਸਕੂਲ ਵੈਨ ਸੇਫ ਸਕੂਲ ਵੈਨ ਅਭਿਆਨ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੀ ਸੀ, ਉਥੇ ਹੀ ਡਿਫੈਂਸ ਡਰੇਨ ਦੇ ਦੋਵੇਂ ਪਾਸੇ ਲੋਹੇ ਦੀ ਰੇਲਿੰਗ ਨਾ ਹੋਣਾ ਵੀ ਹਾਦਸੇ ਦਾ ਵੱਡਾ ਕਾਰਣ ਰਿਹਾ ਸੀ। ਇਸ ਦੁਰਘਟਨਾ ਤੋਂ ਬਾਅਦ ਹੁਣ ਤੱਕ ਚਾਰ ਸੌ ਤੋਂ ਜ਼ਿਆਦਾ ਸਕੂਲ ਵੈਨਾਂ ਨੂੰ ਜਾਂ ਤਾਂ ਬੰਦ ਕੀਤਾ ਜਾ ਚੁੱਕਿਆ ਹੈ ਜਾਂ ਫਿਰ ਵੱਡੇ ਚਲਾਨ ਕੱਟੇ ਗਏ ਹਨ। ਇਸ ਮਾਮਲੇ ਤੋਂ ਬਾਅਦ ਹਾਈਕੋਰਟ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਸਕੂਲ ਵੈਨ ਨੂੰ ਜਿਸ ਨੂੰ ਟਰਾਂਸਪੋਰਟ ਵਿਭਾਗ ਬੰਦ ਕਰਦਾ ਹੈ। ਉਸ ਨੂੰ ਤੱਦ ਤੱਕ ਨਾ ਛੱਡਿਆ ਜਾਵੇ, ਜਦੋਂ ਤੱਕ ਸਕੂਲ ਵੈਨ ਸਰਕਾਰ ਦੇ ਵੱਲੋਂ ਤੈਅ ਨਿਯਮਾਂ ਦਾ ਪਾਲਣ ਨਹੀਂ ਕਰਦੀ ਹੈ।

ਸੇਫ ਸਕੂਲ ਵੈਨ ਅਭਿਆਨ ਦੇ ਦਿਸ਼ਾ-ਨਿਰਦੇਸ਼
ਸੇਫ ਸਕੂਲ ਵੈਨ ਅਭਿਆਨ ਤਹਿਤ ਸਕੂਲ ਵੈਨ ਨੂੰ 2 ਕੈਟਾਗਰੀ ਵਿਚ ਵੰਡਿਆ ਗਿਆ ਹੈ। ਪਹਿਲੇ ਨੰਬਰ 'ਤੇ ਸਕੂਲ ਦੀ ਵੈਨ, ਦੂਜੇ ਨੰਬਰ 'ਤੇ ਪ੍ਰਾਈਵੇਟ ਸਕੂਲ ਵੈਨ ਜਿਸ 'ਚ ਸਾਰੀਆਂ ਜ਼ਿੰਮੇਵਾਰੀਆਂ ਬੱਚਿਆਂ ਦੇ ਮਾਪਿਆਂ ਦੀ ਹੁੰਦੀ ਹੈ। ਜੇਕਰ ਸਕੂਲ ਵੈਨ 'ਚ ਕਮੀ ਕਾਰਣ ਕੋਈ ਦੁਰਘਟਨਾ ਹੁੰਦੀ ਹੈ ਤਾਂ ਇਸ ਦੇ ਲਈ ਸਬੰਧਤ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਵੇਗਾ।

- ਸਕੂਲ ਵੈਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।
- ਸਕੂਲ ਵੈਨ ਅੰਦਰ ਸਪੀਡ ਗਵਰਨਰ ਲੱਗਾ ਹੋਣਾ ਚਾਹੀਦਾ ਹੈ।
- ਸਕੂਲ ਵੈਨ ਟਰਾਂਸਪੋਰਟ ਵਿਭਾਗ ਦੇ ਦਫਤਰ ਵਿਚ ਰਜਿਸਟਰਡ ਹੋਣੀ ਚਾਹੀਦੀ ਹੈ।
- ਸਕੂਲ ਵੈਨ ਚਲਾਉਣ ਵਾਲਾ ਡਰਾਈਵਰ ਅਤੇ ਕੰਡਕਟਰ ਕੋਲ ਡਰਾਈਵਿੰਗ ਲਾਇਸੈਂਸ ਅਤੇ ਅਨੁਭਵ ਹੋਣਾ ਚਾਹੀਦਾ ਹੈ।
- ਵੈਨ ਦੇ ਡਰਾਈਵਰ ਅਤੇ ਕੰਡਕਟਰ ਨੇ ਵਰਦੀ ਪਾਈ ਹੋਣੀ ਚਾਹੀਦੀ ਹੈ।
- ਜੇਕਰ ਸਕੂਲ ਵੈਨ 'ਚ ਇਕ ਵੀ ਲੜਕੀ ਬੈਠਦੀ ਹੈ ਤਾਂ ਉਸ ਵਿਚ ਮਹਿਲਾ ਹੈਲਪਰ ਦਾ ਹੋਣਾ ਲਾਜ਼ਮੀ ਹੈ। ਮਹਿਲਾ ਹੈਲਪਰ ਲੜਕੀ ਦੇ ਵੈਨ 'ਚ ਬੈਠਣ ਤੋਂ ਪਹਿਲਾਂ ਸਕੂਲ ਵੈਨ 'ਚ ਬੈਠੀ ਹੋਣੀ ਚਾਹੀਦੀ ਹੈ।
- ਸਕੂਲ ਵੈਨ 'ਤੇ ਟਰਾਂਸਪੋਰਟ ਵਿਭਾਗ ਅਤੇ ਸਕੂਲ ਦਾ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ।


author

Baljeet Kaur

Content Editor

Related News