ਸਰਬੱਤ ਸਿਹਤ ਬੀਮਾ ਯੋਜਨਾ ’ਚ ਹੋਏ ਘਪਲੇ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ

Thursday, Jan 14, 2021 - 10:53 AM (IST)

ਅੰਮ੍ਰਿਤਸਰ (ਦਲਜੀਤ)- ਸਰਬੱਤ ਸਿਹਤ ਬੀਮਾ ਯੋਜਨਾ ’ਚ ਹੋਏ ਘਪਲੇ ਦੀਆਂ ਪਰਤਾਂ ਹੌਲੀ-ਹੌਲੀ ਖੁੱਲ ਰਹੀਆਂ ਹਨ। ਸ਼ਹਿਰ ਦੇ ਤਿੰਨ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਦਾ ਵੀ ਯੋਜਨਾ ਤਹਿਤ ਮਰੀਜ਼ਾਂ ਦਾ ਰਿਕਾਰਡ ਮੇਲ ਨਹੀਂ ਖਾ ਰਿਹਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਿਹਤ ਵਿਭਾਗ ਉਕਤ ਹਸਪਤਾਲਾਂ ’ਤੇ ਜਲਦ ਕੋਈ ਕਾਰਵਾਈ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵਿਭਾਗ ਵੱਲੋਂ 3 ਪ੍ਰਾਈਵੇਟ ਹਸਪਤਾਲਾਂ ਦੀ ਯੋਜਨਾ ਤਹਿਤ ਮਾਨਤਾ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਹਰ ਪਰਿਵਾਰ ਨੂੰ 5 ਲੱਖ ਰੁਪਏ ਤਕ ਦੀਆਂ ਸਿਹਤ ਸੇਵਾਵਾਂ ਪ੍ਰਤੀ ਸਾਲ ਮੁਫਤ ਦੇਣ ਦੀ ਯੋਜਨਾ ਹੈ। ਯੋਜਨਾ ਤਹਿਤ ਲੱਖਾਂ ਰੁਪਏ ਹੋਣ ਕਾਰਣ ਕੁਝ ਪ੍ਰਾਈਵੇਟ ਹਸਪਤਾਲ ਦਿਨਾਂ ’ਚ ਹੀ ਪੈਸਾ ਕਮਾਉਣ ਦੇ ਚੱਕਰ ’ਚ ਸਰਕਾਰੀ ਯੋਜਨਾ ਦੀ ਦੁਰਵਰਤੋਂ ਕਰਨ ਲੱਗ ਪਏ ਹਨ। ਜ਼ਿਲੇ ’ਚ ਤਿੰਨ ਪ੍ਰਾਈਵੇਟ ਹਸਪਤਾਲਾਂ ਦਾ ਨਾਂ ਘਪਲੇ ’ਚ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵੱਲੋਂ ਹਸਪਤਾਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਅਤੇ ਹੁਣ ਜ਼ਿਲੇ ਦੇ 87 ਹਸਪਤਾਲਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪਾਇਆ ਗਿਆ ਹੈ ਕਿ ਜ਼ਿਲੇ ਦੇ ਤਿੰਨ ਹੋਰ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਦਾ ਰਿਕਾਰਡ ਵੀ ਯੋਜਨਾ ਅਨੁਸਾਰ ਮੇਲ ਨਹੀਂ ਖਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੀ ਜਾ ਰਿਹਾ ਹੈ, ਨਾਲ ਹੀ ਸਿਹਤ ਵਿਭਾਗ ਵੱਲੋਂ ਵੀ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਦੇ ਰਿਕਾਰਡ ਨੂੰ ਖੰਗਾਲਿਆ ਜਾ ਰਿਹਾ ਹੈ। ਵਿਭਾਗੀ ਸੁੂਤਰ ਦੱਸ ਦੇ ਹਨ ਕਿ ਕੁਝ ਹਸਪਤਾਲਾਂ ’ਤੇ ਕਾਰਵਾਈ ਹੋਣਾ ਸੰਭਵ ਹੈ। ਸਿਹਤ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ’ਚ ਕੁਝ ਵੀ ਦੱਸਣ ਤੋਂ ਪਾਸਾ ਵੱਟ ਰਹੇ ਹਨ, ਜਦੋਂ ਕਿ ਦੂਜੇ ਪਾਸੇ ਹਸਪਤਾਲ ਪ੍ਰਸਿੱਧ ਹੋਣ ਕਾਰਣ ਹੋ ਸਕਦਾ ਹੈ ਕਿ ਉਨ੍ਹਾਂ ਦੀ ਵੱਡੀ ਸਿਫਾਰਸ਼ ਕਾਰਣ ਵਿਭਾਗ ਕਾਰਵਾਈ ਨਾ ਕਰ ਸਕੇ।

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ

ਪਹਿਲਾਂ ਵੀ ਆ ਚੁੱਕੇ ਹਨ ਕਈ ਮਾਮਲੇ ਸਾਹਮਣੇ

ਸੂਤਰ ਦੱਸਦੇ ਹਨ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਨੁਸਾਰ ਪਹਿਲਾਂ ਵੀ ਕਈ ਹਸਪਤਾਲਾਂ ਦਾ ਰਿਕਾਰਡ ਮੇਲ ਨਾ ਖਾਣ ਕਾਰਣ ਸ਼ਿਕਾਇਤਾਂ ਵਿਭਾਗ ਕੋਲ ਪਹੁੰਚ ਚੁੱਕੀਆਂ ਹਨ ਪਰ ਵਿਭਾਗ ਵੱਲੋਂ ਖਾਨਾਪੂਰਤੀ ਕਰਦੇ ਹੋਏ ਹਸਪਤਾਲਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਪਰ ਹੁਣ ਤਿੰਨ ਹਸਪਤਾਲਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸਵਾਲ ਖਡ਼੍ਹਾ ਹੋ ਰਿਹਾ ਹੈ ਕਿ ਇਸ ਤੋਂ ਪਹਿਲਾਂ ਜਿਹੜੇ ਹਸਪਤਾਲਾਂ ਦਾ ਰਿਕਾਰਡ ਠੀਕ ਨਹੀਂ ਸੀ ਕੀ ਉਨ੍ਹਾਂ ’ਤੇ ਕੋਈ ਕਾਰਵਾਈ ਹੋਵੇਗੀ ਜਾਂ ਕਾਰਵਾਈ ਦੇ ਨਾਂ ’ਤੇ ਵਿਭਾਗ ਖਾਨਾਪੂਰਤੀ ਕਰੇਗਾ?

ਗੰਭੀਰਤਾ ਨਾਲ ਜਾਂਚ ਹੋਵੇ ਤਾਂ ਹੋ ਸਕਦੇ ਹਨ ਕਈ ਖੁਲਾਸੇ

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅੰਮ੍ਰਿਤਸਰ ’ਚ ਘਪਲਾ ਸਾਹਮਣੇ ਆਇਆ ਹੈ। ਜੇਕਰ ਪੰਜਾਬ ਸਰਕਾਰ ਯੋਜਨਾ ਨਾਲ ਜੁਡ਼ੇ ਹਸਪਤਾਲਾਂ ਦੇ ਰਿਕਾਰਡ ਦੀ ਗੰਭੀਰਤਾ ਨਾਲ ਜਾਂਚ ਕਰਵਾਏ ਤਾਂ ਕਈ ਖੁਲਾਸੇ ਹੋ ਸਕਦੇ ਹਨ। ਵਿਭਾਗ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਸਮੇਂ-ਸਮੇਂ ’ਤੇ ਹਸਪਤਾਲਾਂ ਦਾ ਰਿਕਾਰਡ ਚੈੱਕ ਕਰਦਾ ਹੈ ਪਰ ਰਿਕਾਰਡ ਚੈੱਕ ਕਰਨ ਦੇ ਬਾਵਜੂਦ ਘਪਲੇ ਸਾਹਮਣੇ ਆਉਣ ਨਾਲ ਵਿਭਾਗ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ।

ਇਹ ਵੀ ਪੜ੍ਹੋ : ਮਾਪਿਆਂ ਨਾਲ ਲੜਾਈ ਕਰ ਕੇ ਨੌਜਵਾਨ ਨੇ ਖਾਧਾ ਜ਼ਹਿਰ, ਮੌਤ

ਈ. ਸੀ. ਐੱਚ. ਐੱਸ. ’ਚ ਵੀ ਹੋ ਚੁੱਕਿਐ ਘਪਲਾ

ਸਰਬੱਤ ਸਿਹਤ ਬੀਮਾ ਯੋਜਨਾ ਦਾ ਘਪਲਾ ਸਾਹਮਣੇ ਆਉਣ ਤੋਂ ਪਹਿਲਾਂ ਅੰਮ੍ਰਿਤਸਰ ’ਚ ਈ. ਸੀ. ਐੱਚ. ਐੱਸ. ਯੋਜਨਾ ਤਹਿਤ ਕੁਝ ਪ੍ਰਾਈਵੇਟ ਹਸਪਤਾਲਾਂ ਦਾ ਘਪਲਾ ਸਾਹਮਣੇ ਆ ਚੁੱਕਿਆ ਹੈ। ਫੌਜ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਉਨ੍ਹਾਂ ਨਾਲ ਸਬੰਧਤ ਲੋਕਾਂ ’ਤੇ ਮਾਮਲੇ ਵੀ ਦਰਜ ਕਰਵਾਏ ਗਏ ਹਨ ਅਤੇ ਈ. ਸੀ. ਐੱਚ. ਐੱਸ. ਯੋਜਨਾ ਤਹਿਤ ਉਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਪਰ ਸਵਾਲ ਖਡ਼੍ਹਾ ਹੋ ਰਿਹਾ ਹੈ ਕਿ ਅਖੀਰ ਘਪਲੇ ਅੰਮ੍ਰਿਤਸਰ ’ਚ ਹੀ ਕਿਉਂ ਹੋ ਰਹੇ ਹਨ ਪੰਜਾਬ ’ਚ ਹੋਰ ਥਾਵਾਂ ’ਤੇ ਕਿਉਂ ਨਹੀਂ। ਇਹ ਇਕ ਜਾਂਚ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਗੰਭੀਰਤਾ ਨਾਲ ਇਸ ਮਾਮਲੇ ਨੂੰ ਵੇਖਣਾ ਚਾਹੀਦਾ ਹੈ।

ਤਿੰਨ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਦਾ ਰਿਕਾਰਡ ਕੀਤਾ ਜਾ ਰਿਹੈ ਚੈੱਕ

ਸਿਵਲ ਸਰਜਨ ਡਾ. ਚਰਨਜੀਤ ਨੇ ਦੱਸਿਆ ਕਿ ਜ਼ਿਲੇ ਦੇ 3 ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਰਿਕਾਰਡ ਦੀ ਜਾਂਚ ਉਪੰਰਤ ਹੀ ਉਹ ਕੁਝ ਕਹਿ ਸਕਣਗੇ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਸਰਕਾਰੀ ਪੈਸੇ ਦੀ ਗਲਤ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਹੜੇ ਹਸਪਤਾਲ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ। ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Baljeet Kaur

Content Editor

Related News