ਪੰਘੂੜੇ 'ਚ ਆਈ ਇਕ ਨੰਨ੍ਹੀ ਪਰੀ (ਵੀਡੀਓ)
Friday, Jan 05, 2018 - 02:35 PM (IST)
ਅੰਮ੍ਰਿਤਸਰ (ਸੁਮਿਤ ਖੰਨਾ,ਨੀਰਜ) - ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਵਿਚ ਤੇਜ਼ੀ ਲਿਆਂਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ 6 ਸਾਲ ਤੱਕ ਦੀਆਂ ਬੱਚੀਆਂ ਦੇ ਲਿੰਗ ਅਨੁਪਾਤ ਵਿਚ ਵਾਧਾ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਕੁੜੀਮਾਰ ਅਤੇ ਧੀ ਨੂੰ ਕੁੱਖ ਵਿਚ ਮਾਰਨ ਵਾਲੇ ਲੋਕ ਆਪਣੀ ਵਿਚਾਰਧਾਰਾ ਬਦਲਣ ਦਾ ਨਾਂ ਨਹੀਂ ਲੈ ਰਹੇ। ਬੱਚੀਆਂ ਦੀ ਜਾਨ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਸਥਾਨਕ ਰੈੱਡ ਕਰਾਸ ਦਫਤਰ ਵਿਚ ਸਥਾਪਤ ਕੀਤੇ ਗਏ ਪੰਘੂੜੇ ਵਿਚ ਆਉਣ ਵਾਲੇ ਬੱਚਿਆਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਮੌਜੂਦਾ ਹਾਲਾਤ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ 'ਤੇ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਸਾਲ 2008 ਵਿਚ ਲਾਵਾਰਸ ਬੱਚਿਆਂ ਦੀ ਜਾਨ ਬਚਾਉਣ ਲਈ ਰੈੱਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 154 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ। ਅੱਜ ਇਸ ਪੰਘੂੜੇ ਵਿਚ ਆਏ 154ਵੇਂ ਬੱਚੇ ਜੋ ਕਿ ਇਕ ਲੜਕੀ ਹੈ, ਨੂੰ 22 ਦਸੰਬਰ 2017 ਨੂੰ ਸਵੇਰੇ 9:15 ਵਜੇ ਦੇ ਕਰੀਬ ਕੋਈ ਅਣਜਾਣ ਵਿਅਕਤੀ ਪੰਘੂੜੇ ਵਿਚ ਛੱਡ ਗਿਆ ਸੀ। ਬੱਚੀ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਤੋਂ ਕਰਵਾਇਆ ਗਿਆ ਸੀ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ। ਅੱਜ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਅਤੇ ਵਿਕਾਸ ਹੀਰਾ ਐੱਸ. ਡੀ. ਐੱਮ. ਅੰਮ੍ਰਿਤਸਰ-2 ਵੱਲੋਂ ਬੱਚੀ ਨੂੰ ਪੰਘੂੜੇ 'ਚੋਂ ਪ੍ਰਾਪਤ ਕੀਤਾ ਗਿਆ ਅਤੇ ਲਾਪਾ ਸਕੀਮ ਅਧੀਨ ਸਵਾਮੀ ਗੰਗਾਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਉਨ੍ਹਾਂ ਰੈੱਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਇਸ ਨਿਵੇਕਲੀ ਪਹਿਲ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ 154 ਮਾਸੂਮ ਜਿੰਦਾਂ ਨੂੰ ਬਚਾਉਣ ਵਾਲਾ ਪੰਘੂੜਾ ਜਿਥੇ ਮੁਬਾਰਕਵਾਦ ਦਾ ਹੱਕਦਾਰ ਹੈ, ਉਥੇ ਪੰਘੂੜੇ ਵਿਚ ਹੁਣ ਤੱਕ ਆਏ ਬੱਚਿਆਂ 'ਚੋਂ ਵੱਡੀ ਗਿਣਤੀ ਲੜਕੀਆਂ ਦਾ ਹੀ ਮਿਲਣਾ ਸਮਾਜ ਲਈ ਇਕ ਗੰਭੀਰਤਾ ਦਾ ਮਸਲਾ ਹੈ।
ਸ਼੍ਰੀ ਹੀਰਾ ਨੇ ਕਿਹਾ ਕਿ ਅੱਜ ਦੇ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿਚ ਲੜਕੀਆਂ ਲੜਕਿਆਂ ਨਾਲੋਂ ਅੱਗੇ ਜਾ ਰਹੀਆਂ ਹਨ। ਅਜੇ ਸਾਡੇ ਸਮਾਜ ਨੇ ਲੜਕੀਆਂ ਨੂੰ ਉਨ੍ਹਾਂ ਦੇ ਹੱਕ ਵਾਲੀ ਥਾਂ ਨਹੀਂ ਦਿੱਤੀ। ਮੈਡਮ ਕਾਲੀਆ ਨੇ ਇਸ ਮੌਕੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲਿੰਗ ਅਨੁਪਾਤ ਦੇ ਵੱਧ ਰਹੇ ਪਾੜੇ ਵਿਚ ਸੁਧਾਰ ਕਰਨ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੰਘੂੜੇ ਨੇ ਹੁਣ ਤੱਕ 133 ਬੱਚੀਆਂ ਦੀ ਜਾਨ ਬਚਾਈ ਹੈ।