ਅੰਮ੍ਰਿਤਸਰ ਰੇਲ ਹਾਦਸੇ ਦੇ 16 ਦਿਨਾਂ ਬਾਅਦ ਟ੍ਰੈਕ 'ਤੇ ਦੌੜੀ 'ਖੂਨੀ ਟਰੇਨ'
Monday, Nov 05, 2018 - 05:47 PM (IST)

ਅੰਮ੍ਰਿਤਸਰ : ਜੌੜਾ ਫਾਟਕ ਰੇਲ ਹਾਦਸੇ ਦੇ 16 ਦਿਨ ਬਾਅਦ ਰੇਲਵੇ ਵਿਭਾਗ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸਵੇਰੇ ਹੋਈ ਜਾਂਚ ਰਾਤ ਤੱਕ ਜਾਰੀ ਰਹੀ। ਟਰੈਕ 'ਤੇ ਜੰਜੀਰਾਂ ਨਾਲ ਬੰਨ੍ਹੀ ਖੜ੍ਹੀ 'ਖੂਨੀ ਟਰੇਨ' ਨੂੰ ਇਸ ਜਾਂਚ ਦਾ ਹਿੱਸਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਡੀ. ਐੱਮ. ਯੂ. ਰੇਲ ਗੱਡੀ ਨੂੰ ਫੜਿਆ ਤੇ ਉਹ ਸਿੱਧੇ ਮਾਨਾਂਵਾਲਾ ਰੇਲਵੇ ਸਟੇਸ਼ਨ 'ਤੇ ਰਵਾਨਾ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਹਾਦਸੇ ਦੀ ਗੰਭੀਰ ਜਾਂਚ ਕਰਨ ਲਈ ਮੌਕ ਡਰਿੱਲ ਤਹਿਤ ਉਕਤ ਡੀ. ਐੱਮ. ਯੂ. ਰੇਲ ਗੱਡੀ ਨੂੰ ਘਟਨਾ ਵਾਲੀ ਥਾਂ ਤੋਂ ਲੰਘਾਇਆ ਤੇ ਨਾਲ ਹੀ ਘਟਨਾ ਵਾਲੀ ਥਾਂ 'ਤੇ ਜਾ ਕੇ ਉਸੇ ਤਰ੍ਹਾਂ ਐਮਰਜੈਂਸੀ ਬਰੇਕ ਵੀ ਲਾਈ ਅਤੇ ਫਿਰ ਡਰਾਈਵਰ ਦੇ ਪਹਿਲੇ ਦਿਨ ਬਿਆਨਾਂ ਅਨੁਸਾਰ ਡੀ. ਐੱਮ. ਯੂ. ਰੇਲ ਗੱਡੀ ਨੂੰ ਐਮਰਜੈਂਸੀ ਬਰੇਕ ਲਾਉਣ ਦੇ ਨਾਲ ਹੀ ਕੁਝ ਸਮਾਂ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਜਾ ਕੇ ਕੁਝ ਸਮੇਂ ਲਈ ਰੋਕਿਆ ਤੇ ਫਿਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਉਕਤ ਸਾਰੇ ਰੇਲ ਅਹੁਦੇਦਾਰਾਂ ਤੋਂ ਇਲਾਵਾ ਜੀ. ਆਰ. ਪੀ. ਦੇ ਵੱਡੀ ਸੰਖਿਆ 'ਚ ਨੌਜਵਾਨ ਨਾਲ ਸਨ।
4 ਮਿੰਟ ਦੇਰੀ ਨਾਲ ਲੰਘੀ ਟਰਾਇਲ ਟਰੇਨ
ਧਿਆਨਯੋਗ ਹੈ ਕਿ ਦੁਸਹਿਰੇ ਵਾਲੇ ਦਿਨ ਜੌੜਾ ਰੇਲਵੇ ਫਾਟਕ ਤੋਂ 340 ਮੀਟਰ ਦੂਰੀ 'ਤੇ ਰੇਲਵੇ ਕਿਲੋਮੀਟਰ ਨੰਬਰ 508/17-18 'ਤੇ ਜਲੰਧਰ-ਅੰਮ੍ਰਿਤਸਰ ਡੀ. ਐੱਮ. ਯੂ. ਟਰੇਨ ਹੇਠਾਂ ਆਉਣ ਨਾਲ ਇਕ ਵੱਡਾ ਹਾਦਸਾ ਹੋਇਆ ਸੀ, ਜਿਸ ਨਾਲ 62 ਲੋਕਾਂ ਦੀ ਮੌਤ ਹੋ ਗਈ ਸੀ ਅਤੇ 157 ਜ਼ਖਮੀ ਹੋਏ ਸਨ। ਉਥੇ ਹੀ ਦੂਜੇ ਪਾਸੇ ਉਕਤ ਡੀ. ਐੱਮ. ਯੂ. ਰੇਲ ਗੱਡੀ ਦੇ ਪਹਿਲੇ ਮੌਕ ਡਰਿੱਲ ਟਰਾਇਲ ਦੌਰਾਨ ਉਕਤ ਰੇਲ ਗੱਡੀ ਨੂੰ ਘਟਨਾ ਵਾਲੀ ਥਾਂ 'ਤੇ ਇਥੋਂ 6:55 ਵਜੇ ਕੱਢਣਾ ਚਾਹੀਦਾ ਸੀ, ਉਥੇ ਹੀ ਪਹਿਲੇ ਟਰਾਇਲ ਦੌਰਾਨ ਉਕਤ ਰੇਲ ਗੱਡੀ ਨੂੰ 6:59 ਮਿੰਟ 'ਤੇ ਲੰਘਾਇਆ ਗਿਆ।ਇਸ ਤੋਂ ਬਾਅਦ ਜਦੋਂ ਉਕਤ ਰੇਲ ਗੱਡੀ ਦੀ ਐਮਰਜੈਂਸੀ ਬਰੇਕ ਲਾਈ ਗਈ ਤਾਂ ਉਹ ਘਟਨਾ ਵਾਲੀ ਥਾਂ ਤੋਂ 50 ਮੀਟਰ ਦੀ ਦੂਰੀ 'ਤੇ ਰੁਕੀ।
ਫਿਲਹਾਲ ਜਾਂਚ ਟੀਮ ਦੇ ਅਹੁਦੇਦਾਰਾਂ ਨੇ ਉਕਤ ਰੇਲ ਗੱਡੀ ਦੇ ਇਕ-ਇਕ ਟਾਈਮ ਨੂੰ ਨੋਟ ਕਰ ਕੇ ਪੂਰਾ ਜਾਇਜ਼ਾ ਲਿਆ ਤੇ ਪੂਰਾ ਰਿਕਾਰਡ ਨੋਟ ਵੀ ਕੀਤਾ। ਉਥੇ ਹੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਟਰਾਇਲ ਤੋਂ ਰੇਲਵੇ ਅਹੁਦੇਦਾਰਾਂ ਨੂੰ ਕਈ ਅਹਿਮ ਸੁਰਾਗ ਤੇ ਟਿਪਸ ਮਿਲੇ ਹਨ, ਜਿਸ ਨੂੰ ਉਹ ਰੇਲ ਡਰਾਈਵਰ ਤੇ ਗਾਰਡ ਤੋਂ ਜਾਂਚ ਦੌਰਾਨ ਪੁੱਛਣਗੇ। ਉਥੇ ਹੀ ਦੂਜੇ ਪਾਸੇ ਟਰਾਇਲ ਦੌਰਾਨ ਉਸੇ ਤਰ੍ਹਾਂ ਉਕਤ ਰੇਲ ਗੱਡੀ ਦੀ ਐਮਰਜੈਂਸੀ ਬਰੇਕ ਲਾਈ ਤੇ ਹਾਰਨ ਵਜਾਉਂਦੇ ਹੋਏ ਲੰਘਾਇਆ। ਵਿਸ਼ੇਸ਼ ਗੱਲ ਇਹ ਰਹੀ ਕਿ ਅੱਜ ਉਕਤ ਡੀ. ਐੱਮ. ਯੂ. ਰੇਲ ਗੱਡੀ ਦੀਆਂ ਹੈੱਡ ਲਾਈਟਾਂ ਉਸ ਦਿਨ ਤੋਂ ਕਾਫ਼ੀ ਜ਼ਿਆਦਾ ਦਿਸ ਰਹੀਆਂ ਸਨ।