ਅੰਮ੍ਰਿਤਸਰ ਰੇਲ ਹਾਦਸਾ: ਗੁਰੂ ਰਾਮਦਾਸ ਹਸਪਤਾਲ 'ਚ ਹੋਵੇਗਾ ਜ਼ਖਮੀਆਂ ਦਾ ਮੁਫਤ ਇਲਾਜ: ਲੌਂਗੋਵਾਲ (ਵੀਡੀਓ)

10/20/2018 12:26:28 PM

ਬਰਨਾਲਾ(ਪੁਨੀਤ ਮਾਨ)— ਅੰਮ੍ਰਿਤਸਰ ਵਿਚ ਬੀਤੇ ਦਿਨ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ ਹੋਈਆਂ ਮੌਤਾਂ 'ਤੇ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਸਾਰੇ ਜ਼ਖਮੀਆਂ ਦਾ ਮੁਫਤ ਇਲਾਜ ਗੁਰੂ ਰਾਮਦਾਸ ਹਸਪਤਾਲ ਵਿਚ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਖਾਣ ਲਈ ਮੁਫਤ ਲੰਗਰ ਵੀ ਮੁਹੱਈਆ ਕਰਵਾਇਆ ਜਾਵੇਗਾ।

ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਬੀਤੇ ਦਿਨ ਸ਼ੁੱਕਰਵਾਰ ਸ਼ਾਮ ਰਾਵਣ ਸੜਦਾ ਵੇਖਣ ਲਈ ਰੇਲਵੇ ਪਟੜੀ 'ਤੇ ਖੜ੍ਹੇ ਲੋਕਾਂ 'ਤੇ ਟਰੇਨ ਚੜ੍ਹਨ ਨਾਲ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ। ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ ਤਾਂ ਜੌੜਾ ਫਾਟਕ 'ਤੇ ਇਹ ਹਾਦਸਾ ਵਾਪਰਿਆ। ਮੌਕੇ 'ਤੇ ਘੱਟ ਤੋਂ ਘੱਟ 300 ਲੋਕ ਮੌਜੂਦ ਸਨ, ਜੋ ਪਟੜੀਆਂ ਦੇ ਕੋਲ ਇਕ ਮੈਦਾਨ 'ਚ ਰਾਵਣ ਸੜਦਾ ਵੇਖ ਰਹੇ ਸਨ। ਅੰਮ੍ਰਿਤਸਰ ਦੇ ਐੱਸ. ਡੀ. ਐੱਮ. (1) ਰਾਜੇਸ਼ ਸ਼ਰਮਾ ਨੇ ਦੱਸਿਆ ਕਿ 70 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਘੱਟ ਤੋਂ ਘੱਟ 50 ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਜਿਸ ਵੇਲੇ ਵਾਪਰਿਆਂ, ਉਸ ਵੇਲੇ ਉਥੇ ਰਾਵਣ  ਸੜਦਾ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਇਸੇ ਦੌਰਾਨ ਡੀ. ਐੱਮ. ਯੂ. ਟਰੇਨ (74943) ਉਥੋਂ ਲੰਘ ਰਹੀ ਸੀ। ਰਾਵਣ ਦਹਿਨ ਮੌਕੇ ਪਟਾਕਿਆਂ ਦੀ ਤੇਜ਼ ਆਵਾਜ਼ ਕਾਰਨ ਟਰੇਨ ਦਾ ਹਾਰਨ ਲੋਕਾਂ ਨੂੰ ਸੁਣਾਈ ਨਹੀਂ ਦਿੱਤਾ, ਜਿਸ ਦੀ ਵਜ੍ਹਾ ਨਾਲ ਇਹ ਹਾਦਸਾ ਹੋ ਗਿਆ।


Related News