ਅੰਮ੍ਰਿਤਸਰ ਰੇਲ ਹਾਦਸੇ 'ਚ ਖੋਹਿਆ ਸੀ ਪਤੀ, ਹੁਣ ਮਿਲੇ ਮੁਆਵਜ਼ੇ ਨਾਲ ਫਿਰ ਬਣੇਗੀ ਲਾੜੀ
Tuesday, Nov 27, 2018 - 10:11 AM (IST)
ਅੰਮ੍ਰਿਤਸਰ (ਸਫਰ)— ਜੌੜਾ ਫਾਟਕ ਰੇਲ ਹਾਦਸੇ ਵਿਚ ਪਤੀ ਰਮੇਸ਼ (23) ਨੂੰ ਖੋਹ ਚੁੱਕੀ ਵਿਧਵਾ ਪ੍ਰੀਤੀ (21) ਹੁਣ ਦੁਬਾਰਾ ਸੁਹਾਗ ਦਾ ਜੋੜਾ ਪਾਵੇਗੀ। ਪਤੀ ਦੀ ਮੌਤ ਦੇ ਮੁਆਵਜ਼ੇ ਨਾਲ ਮਿਲਣ ਵਾਲੀ 5 ਲੱਖ ਰੁਪਿਆਂ ਦੀ ਰਕਮ ਨਾਲ ਪ੍ਰੀਤੀ ਦੀ ਸੱਸ ਮਨਜੀਤ ਕੌਰ ਜਿਸ ਪ੍ਰੀਤੀ ਨੂੰ ਨੂੰਹ ਬਣਾ ਕੇ 28 ਅਪ੍ਰੈਲ 2017 ਨੂੰ ਲੈ ਕੇ ਆਈ ਸੀ, ਹੁਣ ਉਸ ਨੂੰਹ ਨੂੰ ਧੀ ਬਣਾ ਕੇ ਸਹੁਰਾ-ਘਰ ਵਿਦਾ ਕਰੇਗੀ। ਜੌੜਾ ਫਾਟਕ ਵਿਚ ਰੇਲ ਹਾਦਸੇ ਵਿਚ ਹੁਣ ਤੱਕ ਇਹ ਪਹਿਲਾ ਮਾਮਲਾ ਹੈ ਜਦੋਂ ਮ੍ਰਿਤਕ ਦੇ 5 ਲੱਖ ਦੀ ਮੁਆਵਜ਼ੇ ਦੀ ਰਕਮ ਸਰਕਾਰ ਕੋਲ ਅਜੇ ਵੀ ਜਮ੍ਹਾ ਹੈ ਕਿਉਂਕਿ 5 ਲੱਖ 'ਤੇ ਸੱਸ ਮਨਜੀਤ ਕੌਰ ਅਤੇ ਪਤਨੀ ਪ੍ਰੀਤੀ ਦੋਵਾਂ ਨੇ ਬਰਾਬਰ ਦੀ ਦਾਅਵੇਦਾਰੀ ਕੀਤੀ ਸੀ ਜਿਸ ਕਾਰਨ ਚੈੱਕ ਅਜੇ ਨਹੀਂ ਦਿੱਤਾ ਗਿਆ। ਹੁਣ ਸੱਸ ਅਤੇ ਨੂੰਹ ਵਿਚਕਾਰ ਸਮਝੌਤਾ ਹੋ ਚੁੱਕਾ ਹੈ, ਸਰਕਾਰੀ ਦਸਤਾਵੇਜ਼ ਪੂਰੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਉਮੀਦ ਹੈ ਕਿ ਛੇਤੀ ਜਿਥੇ ਇਸ ਪਰਿਵਾਰ ਨੂੰ 5 ਲੱਖ ਦਾ ਚੈੱਕ ਮਿਲ ਜਾਵੇਗਾ ਉਥੇ ਹੀ ਪਤੀ ਦੀ ਮੌਤ ਦੇ ਬਾਅਦ ਮਿਲੇ ਪੈਸਿਆਂ ਨਾਲ ਉਸ ਦੀ ਵਿਧਵਾ ਕਿਸੇ ਹੋਰ ਘਰ ਵਿਚ ਲਾਲ ਜੋੜਾ ਪਾ ਕੇ ਨਵਾਂ ਘਰ ਵਸਾਏਗੀ।
'ਜਗ ਬਾਣੀ' ਨੇ 25 ਅਕਤੂਬਰ ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ '5 ਲੱਖ ਦੇ ਚੈੱਕ ਲਈ ਤਾਰ-ਤਾਰ ਹੋਏ ਰਿਸ਼ਤੇ' ਇਹ ਸੱਸ -ਨੂੰਹ ਦੀ ਕਹਾਣੀ ਸੀ ਜਿਸ ਵਿਚ 5 ਲੱਖ ਦੇ ਚੈੱਕ ਦੇ ਦਾਅਵੇਦਾਰੀ ਨੂੰ ਲੈ ਕੇ ਦੋਵਾਂ ਵਿਚ 'ਮਹਾਭਾਰਤ' ਇੰਨੀ ਛਿੜੀ ਕਿ ਚੈੱਕ ਨੂੰ ਜ਼ਿਲਾ ਪ੍ਰਸ਼ਾਸਨ ਨੇ 'ਲੜਾਈ' ਦੱਸ ਕੇ ਰੋਕ ਲਿਆ ਸੀ। ਪ੍ਰੀਤੀ ਦਾ ਦਾਅਵਾ ਸੀ ਕਿ ਰੇਲ ਹਾਦਸੇ ਦੀ ਖਬਰ ਉਸ ਨੇ ਦਿੱਲੀ ਵਿਚ ਰਹਿੰਦੇ ਆਪਣੇ ਮਾਂ-ਬਾਪ ਦੇ ਕੋਲ ਟੀ. ਵੀ. ਵਿਚ ਪਤੀ ਦੀ ਫੋਟੋ ਵੇਖ ਕੇ ਅੰਮ੍ਰਿਤਸਰ ਆਈ। ਪਤਾ ਲੱਗਾ ਕਿ ਸੱਸ ਮਨਜੀਤ ਕੌਰ ਨੇ ਪਹਿਲਾਂ ਤੋਂ ਹੀ ਪਤੀ ਨੂੰ ਕੁਆਰਾ ਲਿਖ ਕੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਸਨ, ਮੈਨੂੰ ਅੰਤਿਮ ਸੰਸਕਾਰ ਲਈ ਨਹੀਂ ਬੁਲਾਇਆ ਗਿਆ। ਘਰ ਤੋਂ ਬਾਹਰ ਕਰ ਦਿੱਤਾ ਗਿਆ। ਕਿਹਾ ਗਿਆ ਕਿ 'ਜਦੋਂ ਮੇਰਾ ਪੁੱਤਰ ਹੀ ਨਹੀਂ ਰਿਹਾ ਤਾਂ ਤੂੰ ਵੀ ਕਿਤੇ ਜਾ ਕੇ ਮਰ ਜਾ'। ਮੇਰੀ ਮਾਂ ਵਿਮਲਾ ਅਤੇ ਪਿਤਾ ਸੋਧੂ ਰਾਮ ਮੇਰੇ ਨਾਲ ਸਨ। ਮੇਰੇ ਮਾਮਾ ਅੰਮ੍ਰਿਤਸਰ ਵਿਚ ਰਹਿੰਦੇ ਹਨ। ਮੈਂ ਮਜਿਸਟਰੇਟ (ਡੀ.ਸੀ.) ਦੇ ਸਾਹਮਣੇ ਪੇਸ਼ ਹੋਈ ਤਾਂ ਮੈਨੂੰ ਕਿਹਾ ਗਿਆ ਕਿ ਇਨਸਾਫ ਮਿਲੇਗਾ। ਅਜਿਹੇ ਵਿਚ 'ਜਗ ਬਾਣੀ' ਨੇ ਮੇਰੀ ਆਵਾਜ਼ ਬੁਲੰਦ ਕੀਤੀ ਅਤੇ ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਬੁਲਾਰਾ ਰਾਮ ਭਵਨ ਗੋਸਵਾਮੀ ਨੇ ਸੰਸਥਾ ਵੱਲੋਂ ਰਸਤਾ ਵਿਖਾਇਆ।
ਪ੍ਰੀਤੀ ਕਹਿੰਦੀ ਹੈ ਕਿ ਮੇਰਾ ਵਿਆਹ ਗੋਲਡਨ ਐਵੀਨਿਊ ਗਲੀ ਨੰਬਰ 7 ਨਿਵਾਸੀ ਰਮੇਸ਼ ਦੇ ਨਾਲ ਹੋਇਆ ਸੀ। ਰਮੇਸ਼ ਸੁਨਿਆਰੇ ਦੀ ਦੁਕਾਨ 'ਤੇ ਕੰਮ ਕਰਦਾ ਸੀ। ਸਹੁਰਾ ਵਿਜੇ ਕੁਮਾਰ (65) ਬੀਮਾਰ ਰਹਿੰਦੇ ਹਨ। ਮੈਨੂੰ ਪਤੀ ਦੀ ਮੌਤ ਦੀ ਖਬਰ ਨਾ ਦੇ ਕੇ ਸਹੁਰਾ-ਘਰ ਵਾਲੇ ਕੁਆਰਾ ਲਿਖਾ ਕੇ ਪੈਸਾ ਹੜੱਪਣਾ ਚਾਹੁੰਦੇ ਸਨ, ਮੇਰੇ ਮਾਂ-ਬਾਪ ਦੀ ਸਿਰਫ ਇਕ ਸ਼ਰਤ ਇਹੀ ਸੀ ਕਿ ਸਾਡੇ ਕੋਲ ਧੀ ਬਿਠਾਉਣ ਲਈ ਹੁਣ ਪੈਸੇ ਨਹੀਂ ਹਨ, ਅਜਿਹੇ ਵਿਚ ਮੇਰੇ ਸਹੁਰਾ-ਘਰ ਵਾਲੇ ਮੇਰੇ ਪਤੀ ਦੀ ਮੌਤ 'ਤੇ ਮਿਲੇ ਮੁਆਵਜ਼ੇ ਦੀ ਰਕਮ ਨਾਲ ਮੇਰੀ ਡੋਲੀ ਵਿਦਾ ਕਰ ਦੇਣ, ਪਹਿਲਾਂ ਸੱਸ ਕੁੱਝ ਵੀ ਮੰਨਣ ਨੂੰ ਤਿਆਰ ਨਹੀਂ ਸੀ ਪਰ ਹੁਣ ਮੰਨ ਗਈ ਹੈ ਕਿ ਮੇਰਾ ਵਿਆਹ ਉਹ ਸੱਸ ਨਹੀਂ ਸਗੋਂ ਮਾਂ ਦੇ ਤੌਰ 'ਤੇ ਕੰਨਿਆਦਾਨ ਕਰ ਕੇ ਕਰੇਗੀ।
'ਜੌੜਾ ਫਾਟਕ' 'ਤੇ ਹੋਏ ਰੇਲ ਹਾਦਸੇ ਨੇ ਕਈ ਸੁਹਾਗਣਾਂ ਨੂੰ ਵਿਧਵਾ ਬਣਾ ਦਿੱਤਾ। ਬੱਚਿਆਂ ਤੋਂ ਬਾਪ ਦਾ ਸਾਇਆ ਖੋਹ ਲਿਆ ਤਾਂ ਮਾਸੂਮਾਂ ਤੋਂ ਮਾਂ ਦੀ ਮਮਤਾ। ਕਿਸੇ ਦਾ ਇਕਲੌਤਾ ਚਿਰਾਗ ਬੁਝ ਗਿਆ ਤਾਂ ਕਿਸੇ ਭੈਣ ਦੀ ਰਾਖੀ ਵਾਲੀ ਇਕਲੌਤੀ ਕਲਾਈ। ਰੇਲ ਹਾਦਸੇ ਦੇ ਦਿਨ ਜਿਵੇਂ-ਜਿਵੇਂ ਬੀਤ ਰਹੇ ਹਨ, ਪਰਿਵਾਰਾਂ ਅਤੇ ਆਪਣਿਆਂ ਨੂੰ ਖੋਹ ਚੁੱਕੇ ਪਰਿਵਾਰਾਂ ਵੱਲ ਤਵੱਜੋ ਘੱਟ ਦਿੱਤੀ ਜਾਣ ਲੱਗੀ ਹੈ। ਲਾਸ਼ਾਂ ਲਈ 5-5 ਲੱਖ ਦੀ ਰਕਮ ਮਿਲਣ ਦੇ ਬਾਅਦ ਜਿਥੇ ਪਰਿਵਾਰ ਦੀ ਕਮੀ ਪੂਰੀ ਨਹੀਂ ਹੋ ਰਹੀ ਹੈ ਉਥੇ ਹੀ ਜ਼ਖ਼ਮੀਆਂ ਨੂੰ ਮਿਲਣ ਵਾਲੇ ਪੈਸਿਆਂ ਨਾਲ ਦਵਾਈ ਦਾ ਖਰਚ ਵੀ ਪੂਰਾ ਨਹੀਂ ਹੋ ਪਾ ਰਿਹਾ। ਜ਼ਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦਾ ਸਖ਼ਤ ਨਿਰਦੇਸ਼ ਹੈ ਕਿ ਰੇਲ ਹਾਦਸੇ 'ਚ ਮਰਨ ਵਾਲੇ ਲੋਕਾਂ ਦੇ ਚੈੱਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਫਾਰਮੈਲਟੀਆਂ ਪੂਰੀਆਂ ਹੋਣ ਦੇ ਬਾਅਦ ਦੇਣ, ਜਿਨ੍ਹਾਂ ਚੈੱਕਾਂ ਨੂੰ ਲੈ ਕੇ ਇਕ ਤੋਂ ਜ਼ਿਆਦਾ ਦਾਅਵੇਦਾਰੀਆਂ ਹਨ ਉਹ 'ਚੈੱਕ' ਉਦੋਂ ਦਿਓ, ਜਦੋਂ ਸਭ ਕੁੱਝ 'ਚੈੱਕ' ਹੋ ਜਾਵੇ।
