ਲੋਕ ਸਭਾ 'ਚ ਗੂੰਜੇਗਾ ਅੰਮ੍ਰਿਤਸਰ ਰੇਲ ਹਾਦਸਾ (ਵੀਡੀਓ)
Saturday, Nov 24, 2018 - 03:21 PM (IST)
ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਵਿਖੇ ਜੌੜਾ ਫਾਟਕ ਨੇੜੇ ਦੁਸਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਦੀ ਗੂੰਜ ਹੁਣ ਲੋਕ ਸਭਾ 'ਚ ਸੁਣਾਈ ਦੇਵੇਗੀ। ਜਾਣਕਾਰੀ ਮੁਤਾਬਕ ਰੇਲਵੇ ਦੀ ਜਾਂਚ ਮੰਗਣ ਵਾਲੇ ਐੱਮ.ਪੀ. ਗੁਰਜੀਤ ਸਿੰਘ ਔਜਲਾ ਹੀ ਜਾਂਚ ਕਮੇਟੀ ਦੀ ਰਿਪੋਰਟ ਤੋਂ ਸੰਤੁਸ਼ਟ ਨਹੀਂ ਹਨ। ਹੁਣ ਉਹ ਇਸ ਮਾਮਲੇ ਨੂੰ ਲੋਕ ਸਭਾ 'ਚ ਚੁੱਕਣਗੇ। ਦਰਅਸਲ ਰੇਲਵੇ ਜਾਂਚ ਕਮੇਟੀ ਨੇ ਆਪਣੀ ਰਿਪੋਰਟ 'ਚ ਰੇਲਵੇ ਤੇ ਰੇਲ ਡਰਾਈਵਰ ਨੂੰ ਬੇਕਸੂਰ ਦੱਸਦਿਆਂ ਕਲੀਚਿੱਟ ਦੇ ਦਿੱਤੀ ਹੈ। ਰੇਲਵੇ ਦੀ ਜਾਂਚ ਨੂੰ ਮਹਿਜ ਖਾਨਾਪੂਰਤੀ ਕਰਾਰ ਦਿੰਦੇ ਹੋਏ ਔਜਲਾ ਨੇ ਇਸ ਨੂੰ ਲੋਕ ਨਾਲ ਧੋਖਾ ਕਰਾਰ ਦਿੱਤਾ ਹੈ। ਉਧਰ ਪੰਜਾਬ ਸਰਕਾਰ ਵਲੋਂ ਬਣਾਈ ਗਈ ਜਾਂਚ ਕਮੇਟੀ ਨੇ ਵੀ ਆਪਣੀ ਰਿਪੋਰਟ ਗ੍ਰਹ ਵਿਭਾਗ ਨੂੰ ਸੌਂਪੀ ਹੋਈ ਹੈ।
ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਰੇਲਵੇ ਪਟੜੀ 'ਤੇ ਖੜ੍ਹੇ ਹੋ ਕੇ ਰਾਵਣ ਦਹਿਨ ਦੇਖ ਰਹੇ ਲੋਕਾਂ ਨੂੰ ਟਰੇਨ ਨੇ ਦਰੜ ਦਿੱਤਾ ਸੀ। ਇਸ ਹਾਦਸੇ 'ਚ 60 ਤੋਂ ਵੱਧ ਮੌਤਾਂ ਹੋਈਆਂ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ।