ਯੂ.ਪੀ. ਤੋਂ ਬੱਚਿਆਂ ਦੇ ਪੇਪਰ ਦਵਾਉਣ ਆਏ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

Saturday, Mar 07, 2020 - 09:43 AM (IST)

ਯੂ.ਪੀ. ਤੋਂ ਬੱਚਿਆਂ ਦੇ ਪੇਪਰ ਦਵਾਉਣ ਆਏ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਅੰਮ੍ਰਿਤਸਰ (ਟੋਡਰਮੱਲ, ਬਾਠ) : ਰੰਜਿਸ਼ ਦੇ ਚੱਲਦਿਆ 4-5 ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਜਸਕਰਨ ਸਿੰਘ ਨਾਂ ਦੇ ਵਿਅਕਤੀ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਪਿੰਡ ਰਣੀਕੇ ਦੇ ਰਹਿਣ ਵਾਲੇ ਜਸਕਰਨ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਭਤੀਜੇ ਰਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 9.30 ਵਜੇ ਦੇ ਕਰੀਬ ਜਸਕਰਨ ਸਿੰਘ ਬੱੱਚਿਆਂ ਨੂੰ ਸਕੂਲ ਛੱਡਣ ਗਿਆ ਸੀ, ਜਦ ਉਹ ਘਰ ਵਾਪਸ ਆਉਣ ਲੱਗਾ ਤਾਂ ਪਿੰਡ ਦੇ ਹੀ 4-5 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਕਾਰ ਦੀ ਵੀ ਭੰਨ-ਤੋੜ ਕੀਤੀ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਹੀ ਕਿਸੇ ਵਿਅਕਤੀ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਜਸਕਰਨ ਸਿੰਘ ਦੀ 4-5 ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਮਾਰ ਕੀਤੀ ਜਾ ਰਹੀ ਹੈ। ਇਹ ਸੁਣ ਕੇ ਉਹ ਕਿਸੇ ਦੋਸਤ ਦਾ ਮੋਟਰਸਾਈਕਲ ਲੈ ਕੇ ਮੌਕੇ 'ਤੇ ਗਏ ਤੇ ਹਮਲਾਵਰਾਂ ਦੇ ਹੱਥਾਂ 'ਚ ਹਥਿਆਰ ਦੇਖ ਕੇ ਉਹ ਕੁਝ ਦੂਰੀ 'ਤੇ ਹੀ ਰੁਕ ਗਏ। ਪਿੰਡ ਦੇ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਭੱਜ ਗਏ ਤੇ ਜਸਕਰਨ ਸਿੰਘ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ : ਬੱਚੇ ਸਾਹਮਣੇ ਬੇਰਹਿਮੀ ਨਾਲ ਮਾਂ ਦਾ ਕਤਲ

ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵੱਲੋਂ 4-5 ਵਾਰ ਪਹਿਲਾਂ ਵੀ ਜਸਕਰਨ ਸਿੰਘ ਨਾਲ ਕੁੱਟ-ਮਾਰ ਕੀਤੀ ਗਈ ਹੈ, ਜਿਨ੍ਹਾਂ ਦੀ ਗੁੰਡਾਗਰਦੀ ਤੋਂ ਦੁਖੀ ਹੋ ਕੇ ਜਸਕਰਨ ਸਿੰਘ ਕੁਝ ਸਮੇਂ ਲਈ ਯੂ. ਪੀ. ਵੀ ਚਲਾ ਗਿਆ ਸੀ। ਹੁਣ ਬੱਚਿਆਂ ਦੇ ਪੇਪਰ ਹੋਣ ਕਾਰਣ ਉਹ ਆਪਣੀ ਭੈਣ ਦੇ ਘਰ ਆਇਆ ਸੀ। ਇਹ ਪਤਾ ਲੱਗਣ 'ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਖਿਲਾਫ ਪਹਿਲਾਂ ਵੀ ਕਈ ਵਾਰ ਉਨ੍ਹਾਂ ਪੁਲਸ ਨੂੰ ਸ਼ਿਕਾਇਤਾਂ ਦਿੱਤੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੁਲਵਿੰਦਰ ਕੌਰ, ਸਰਵਣ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਜਦੋਂ ਥਾਣਾ ਘਰਿੰਡਾ ਦੇ ਮੁਖੀ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਮੈਡੀਕਲ ਰਿਪੋਰਟ ਆਉਣ 'ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News