ਪਾਕਿਸਤਾਨ ਤੋਂ ਕੱਢੇ ਜਾਣ ਵਾਲੇ ਨਗਰ ਕੀਰਤਨ ਲਈ ਐੱਸ.ਜੀ.ਪੀ.ਸੀ. ਦਾ ਵਫਦ ਪਾਕਿ ਰਵਾਨਾ

Sunday, Jul 28, 2019 - 12:37 PM (IST)

ਪਾਕਿਸਤਾਨ ਤੋਂ ਕੱਢੇ ਜਾਣ ਵਾਲੇ ਨਗਰ ਕੀਰਤਨ ਲਈ ਐੱਸ.ਜੀ.ਪੀ.ਸੀ. ਦਾ ਵਫਦ ਪਾਕਿ ਰਵਾਨਾ

ਅੰਮ੍ਰਿਤਸਰ (ਸੁਮਿਤ ਖੰਨਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁ. ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਸਜਾਏ ਜਾ ਰਹੇ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਅਗਾਊਂ ਪ੍ਰਬੰਧਾਂ ਲਈ 4 ਮੈਂਬਰੀ ਵਫ਼ਦ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ। ਵਫ਼ਦ ’ਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਗੁਰਮੀਤ ਸਿੰਘ ਬੂਹ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਸ਼ਾਮਲ ਹਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਰਵਾਨਗੀ ਸਮੇਂ ਵਫ਼ਦ ਦੇ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਜੌਡ਼ਾਸਿੰਘਾ ਤੇ ਸੁਖਦੇਵ ਸਿੰਘ ਭੂਰਾ ਕੋਹਨਾ ਸਮੇਤ ਹੋਰ ਅਧਿਕਾਰੀਆਂ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਨਿਵਾਜਿਆ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਸਮੇਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਣ ਲਈ ਪੰਜ ਸੌ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ, ਜੋ 30 ਜੁਲਾਈ ਨੂੰ ਪਾਕਿਸਤਾਨ ਜਾਣਗੇ। ਇਨ੍ਹਾਂ ’ਚ ਸ਼ਾਮਿਲ ਪ੍ਰਮੁੱਖ ਸ਼ਖਸੀਅਤਾਂ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸਾਹਿਬਾਨ ਦੇ ਜਥੇਦਾਰ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਵੱਖ-ਵੱਖ ਜਥੇਬੰਦੀਆਂ ਦੇ ਆਗੂ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ, ਪ੍ਰਮੁੱਖ ਪੰਥਕ ਸ਼ਖਸੀਅਤਾਂ, ਸਿੰਘ ਸਭਾਵਾਂ ਅਤੇ ਸਭਾ ਸੋਸਾਇਟੀਆਂ ਦੇ ਨੁਮਾਇੰਦੇ ਸ਼ਾਮਿਲ ਹਨ।

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ 4 ਮੈਂਬਰੀ ਵਫ਼ਦ ਪਾਕਿਸਤਾਨ ਪੁੱਜ ਕੇ ਲੋਡ਼ੀਂਦੇ ਪ੍ਰਬੰਧਾਂ ਦਾ ਜਾਇਜ਼ਾ ਲਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਪਾਕਿਸਤਾਨ ਪੁੱਜਣ ਵਾਲੇ 500 ਵੱਧ ਸ਼ਰਧਾਲੂਆਂ ਲਈ ਪਾਕਿਸਤਾਨ ਵਿਖੇ ਰਿਹਾਇਸ਼, ਆਵਾਜਾਈ ਆਦਿ ਦੇ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ ਨਗਰ ਕੀਰਤਨ ਸਬੰਧੀ ਉਥੇ ਪ੍ਰਸ਼ਾਸਨਿਕ ਪੱਧਰ ’ਤੇ ਲੋਡ਼ੀਂਦੇ ਕਾਰਜਾਂ ਲਈ ਵੀ ਸਥਾਨਕ ਸਿੱਖ ਆਗੂਆਂ ਦੀ ਮਦਦ ਨਾਲ ਪ੍ਰਬੰਧ ਕੀਤੇ ਜਾਣਗੇ। ਸ੍ਰੀ ਨਨਕਾਣਾ ਸਾਹਿਬ ਵਿਖੇ 30 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ ਮਗਰੋਂ 1 ਅਗਸਤ ਨੂੰ ਜੈਕਾਰਿਆਂ ਦੀ ਗੂੰਜ ’ਚ ਨਗਰ ਕੀਰਤਨ ਦੀ ਭਾਰਤ ਲਈ ਆਰੰਭਤਾ ਹੋਵੇਗੀ।

ਇਸ ਮੌਕੇ ਮੀਤ ਸਕੱਤਰ ਸ. ਸਕੱਤਰ ਸਿੰਘ, ਸਤਿੰਦਰ ਸਿੰਘ, ਕਰਮਬੀਰ ਸਿੰਘ ਕਿਆਮਪੁਰ, ਹਰਜਿੰਦਰ ਸਿੰਘ ਕੈਰੋਂਵਾਲ, ਸੁਲੱਖਣ ਸਿੰਘ ਭੰਗਾਲੀ, ਗੁਰਮੀਤ ਸਿੰਘ ਬੁੱਟਰ, ਤੇਜਿੰਦਰ ਸਿੰਘ ਪੱਡਾ, ਗੁਲਜ਼ਾਰ ਸਿੰਘ ਚੀਫ-85, ਇੰਚਾਰਜ ਦੀਪਇੰਦਰ ਸਿੰਘ, ਮਨਜੀਤ ਸਿੰਘ, ਯਾਦਵਿੰਦਰ ਸਿੰਘ, ਕਰਤਾਰ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ ਇੰਚਾਰਜ ਗੱਡੀਆਂ, ਗੁਰਿੰਦਰਪਾਲ ਸਿੰਘ ਠਰੂ, ਗੁਰਮੀਤ ਸਿੰਘ ਮੁਕਤਸਰੀ, ਅਮਰ ਸਿੰਘ, ਕਰਨਜੀਤ ਸਿੰਘ, ਗੁਰਨਾਮ ਸਿੰਘ, ਸਹਾਇਕ ਸੁਪਰਡੈਂਟ ਮਲਕੀਤ ਸਿੰਘ ਬਹਿਡ਼ਵਾਲ, ਪ੍ਰੋ. ਸੁਖਦੇਵ ਸਿੰਘ, ਬਲਵਿੰਦਰ ਸਿੰਘ ਖੈਰਾਬਾਦ, ਨਰਿੰਦਰ ਸਿੰਘ ਆਦਿ ਮੌਜੂਦ ਸਨ।


author

Baljeet Kaur

Content Editor

Related News