ਪਾਕਿਸਤਾਨ ਤੋਂ ਆਈ ਮਾਲ ਗੱਡੀ ਦੀ ਬੋਗੀ 'ਚੋਂ 5 ਕਰੋੜ ਦੀ ਹੈਰੋਇਨ ਬਰਾਮਦ

Thursday, Jun 27, 2019 - 12:17 PM (IST)

ਪਾਕਿਸਤਾਨ ਤੋਂ ਆਈ ਮਾਲ ਗੱਡੀ ਦੀ ਬੋਗੀ 'ਚੋਂ 5 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ (ਨੀਰਜ) : ਭਾਰਤ-ਪਾਕਿਸਤਾਨ ਵਿਚਕਾਰ ਵਸਤੂਆਂ ਦੇ ਆਯਾਤ-ਨਿਰਯਾਤ ਲਈ ਚੱਲਣ ਵਾਲੀ ਮਾਲ ਗੱਡੀ ਦੀ ਬੋਗੀ 'ਚੋਂ ਕਸਟਮ ਵਿਭਾਗ ਅਟਾਰੀ ਰੇਲਵੇ ਸਟੇਸ਼ਨ ਦੀ ਟੀਮ ਨੇ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਮਾਰਕੀਟ 'ਚ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚਾਹੇ ਪਾਕਿਸਤਾਨ ਵਲੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਹੋਵੇ ਜਾਂ ਮਾਲ ਗੱਡੀ, ਕਸਟਮ ਵਿਭਾਗ ਦੀ ਰੈਮਜਿੰਗ ਟੀਮ ਟਰੇਨ ਦੀਆਂ ਬੋਗੀਆਂ ਦੀ ਰੈਮਜਿੰਗ ਕਰਦੀ ਹੈ (ਰੈਮਜਿੰਗ ਬਾਰੇ ਦੱਸ ਦੇਈਏ ਕਿ ਕਸਟਮ ਵਿਭਾਗ ਦੀ ਟੀਮ ਬੋਗੀਆਂ ਦੇ ਹੇਠਾਂ ਜਾ ਕੇ ਅਤਿ-ਆਧੁਨਿਕ ਸਮੱਗਰੀ ਨਾਲ ਬੋਗੀਆਂ ਦੀ ਕੈਵੇਟੀਜ਼ ਨੂੰ ਚੈੱਕ ਕਰਦੀ ਹੈ, ਜਿਸ ਵਿਚ ਆਮ ਤੌਰ 'ਤੇ ਪਾਕਿਸਤਾਨੀ ਸਮੱਗਲਰ ਹੈਰੋਇਨ ਜਾਂ ਕਿਸੇ ਹੋਰ ਨਸ਼ੇ ਵਾਲੇ ਪਦਾਰਥ ਨੂੰ ਲੁਕਾ ਦਿੰਦੇ ਹਨ, ਵਰਖਾ ਅਤੇ ਹੁੰਮਸ ਹੋਣ ਕਾਰਨ ਇਨ੍ਹਾਂ ਬੋਗੀਆਂ ਦੀ ਰੈਮਜਿੰਗ ਕਰਨਾ ਆਸਾਨ ਨਹੀਂ ਹੁੰਦਾ)।

ਇਸ ਰੈਮਜਿੰਗ ਦੌਰਾਨ ਜਦੋਂ ਬੋਗੀ ਨੰਬਰ ਬੀ. ਸੀ. ਐਕਸਸੀ 90076 ਜੋ ਕਿ 68 ਡੀ. ਐੱਨ. ਟਰੇਨ ਨਾਲ ਅਟੈਚ ਸੀ, ਦੀ ਪ੍ਰੈਸ਼ਰ ਪਾਈਪ ਅਤੇ ਬ੍ਰੇਕ ਪਾਈਪ ਨੂੰ ਚੈੱਕ ਕੀਤਾ ਗਿਆ ਤਾਂ ਉਨ੍ਹਾਂ 'ਚ 5 ਫੁੱਟ ਲੰਮੀ ਪਾਈਪ ਟ੍ਰੇਸ ਕੀਤੀ ਗਈ। ਇਸ ਪਾਈਪ 'ਚੋਂ 1 ਕਿਲੋ ਹੈਰੋਇਨ ਨਿਕਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਖੇਪ ਨੂੰ ਕਿਸ ਨੇ ਕੱਢਣਾ ਸੀ ਅਤੇ ਕਿਵੇਂ ਕੱਢਿਆ ਜਾਣਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।


author

Baljeet Kaur

Content Editor

Related News