ਵਿਆਹ ਕਰਵਾ ਕੇ ਫੁਰਰ ਹੋਣ ਵਾਲੇ 12 NRI ਲਾੜੇ-ਲਾੜੀਆਂ ਦੇ ਪਾਸਪੋਰਟ ਰੱਦ

Wednesday, Feb 13, 2019 - 05:54 PM (IST)

ਵਿਆਹ ਕਰਵਾ ਕੇ ਫੁਰਰ ਹੋਣ ਵਾਲੇ 12 NRI ਲਾੜੇ-ਲਾੜੀਆਂ ਦੇ ਪਾਸਪੋਰਟ ਰੱਦ

ਅੰਮ੍ਰਿਤਸਰ : ਭਾਰਤ ਆ ਕੇ ਵਿਆਹ ਕਰਵਾਉਣ ਤੋਂ ਕੁਝ ਸਮਾਂ ਬਾਅਦ ਪਤਨੀਆਂ ਨੂੰ ਇਥੇ ਹੀ ਛੱਡ ਕੇ ਵਿਦੇਸ਼ ਫੁਰਰ ਹੋਣ ਵਾਲੇ 10 ਐੱਨ.ਆਰ.ਆਈਜ਼. ਲਾੜਿਆਂ ਤੇ 2 ਲਾੜੀਆਂ ਦੇ ਪਾਸਪੋਰਟ ਰੱਦ ਕਰਨ ਤੋਂ ਬਾਅਦ 7 ਹੋਰ ਐੱਨ.ਆਰ.ਆਈਜ਼. ਲਾੜਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਪਾਸਪੋਰਟ ਦਫਤਰ ਵਲੋਂ ਜਾਰੀ ਹੋਏ ਕਾਰਨ ਦੱਸੋ ਨੋਟਿਸ 'ਚ ਉਨ੍ਹਾਂ ਨੂੰ ਇਕ ਹਫਤੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਜੇਕਰ ਪ੍ਰਵਾਸੀ ਲਾੜਿਆਂ ਵਲੋਂ ਤਸੱਲੀਬਖਸ਼ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ।

ਖੇਤਰੀ ਪਾਸਪੋਰਟ ਦਫਤਰ 'ਚ ਵਲੰਟੀਅਰ ਰੁਪਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਵਿਦੇਸ਼ 'ਚ ਵਸਣ ਤੋਂ ਬਾਅਦ ਭਾਰਤ ਆ ਕੇ ਪ੍ਰਵਾਸੀ ਲਾੜੇ ਇਥੋਂ ਦੀਆਂ ਲੜਕੀਆਂ ਨੂੰ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾ ਲੈਂਦੇ ਹਨ ਤੇ ਫਿਰ ਪਤਨੀ ਦੇ ਦਸਤਾਵੇਜ਼ ਮੁਕੰਮਲ ਕਰਕੇ ਜਲਦ ਉਸ ਨੂੰ ਬਾਹਰ ਬੁਲਾਉਣ ਦੀ ਗੱਲ ਕਹਿ ਕੇ ਵਿਦੇਸ਼ ਚਲੇ ਜਾਂਦੇ ਹਨ। ਕਈ ਮਾਮਲੇ ਤਾਂ ਅਜਿਹੇ ਵੀ ਸਾਹਮਣੇ ਆਏ ਹਨ, ਜਿਸ 'ਚ ਪ੍ਰਵਾਸੀ ਲਾੜੇ ਬਾਹਰੋਂ ਹੀ ਤਲਾਕ ਦੇ ਦਸਤਾਵੇਜ਼ ਭੇਜ ਦਿੰਦੇ ਹਨ। 12 ਪਾਸਪੋਰਟ ਰੱਦ ਕੀਤੇ ਜਾਣ ਦੇ ਮਾਮਲੇ 'ਚ 2 ਮਹਿਲਾ ਪ੍ਰਵਾਸੀ ਪਤਨੀਆਂ ਦਾ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਲੜਕੀਆਂ ਵੀ ਇਸ 'ਚ ਪਿੱਛੇ ਨਹੀਂ। ਉਨ੍ਹਾਂ ਦੱਸਿਆ ਕਿ ਧੋਖੇਬਾਜ਼ ਲਾੜੇ ਜਾਂ ਲਾੜੀਆਂ ਦਾ ਪਾਸਪੋਰਟ ਰੱਦ ਕੀਤੇ ਜਾਣ ਲਈ ਮੁਲਜ਼ਮਾਂ 'ਤੇ ਪਰਚੇ ਦਰਜ ਕੀਤੇ ਜਾਣ ਤੋਂ ਬਾਅਦ ਐੱਲ.ਓ.ਸੀ. ਜਾਰੀ ਕਰਵਾਇਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੋਰਟ ਕੇਸ ਦੇ ਸੰਮਨਾਂ ਦੇ ਆਧਾਰ 'ਤੇ ਜਾਂ ਫਿਰ ਵਿਆਹ ਤੋਂ ਬਾਅਦ ਪਾਸਪੋਰਟ 'ਚ ਪਤਨੀ ਦਾ ਨਾਂ ਦਰਜ ਨਾ ਕਰਵਾਉਣ 'ਤੇ ਵੀ ਇਹ ਕਾਰਵਾਈ ਕੀਤੀ ਜਾ ਸਕਦੀ ਹੈ।

ਖੇਤਰੀ ਪਾਸਪੋਰਟ ਦਫਤਰ ਨੇ ਵਿਦੇਸ਼ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਪਿਛਲੇ ਸਮੇਂ ਦੌਰਾਨ ਵਿਦੇਸ਼ਾਂ 'ਚ ਮੌਜੂਦ 12 ਲੋਕਾਂ ਦੇ ਪਾਸਪੋਰਟ ਰੱਦ ਕੀਤੇ ਹਨ। ਇਨ੍ਹਾਂ 'ਚ 2 ਪ੍ਰਵਾਸੀ ਲਾੜੀਆਂ ਵੀ ਸ਼ਾਮਲ ਹਨ। ਵਿਭਾਗ ਨੇ ਇਹ ਕਾਰਵਾਈ ਉਕਤ ਸਾਰੇ ਮਾਮਲਿਆਂ 'ਚ ਪੀੜਤਾਂ ਵਲੋਂ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਕੀਤੀ ਹੈ। ਪਿਛਲੇ ਦਿਨੀਂ ਰੱਦ ਕੀਤੇ ਗਏ ਪਾਸਪੋਰਟ ਮਾਮਲਿਆਂ 'ਚ ਇਕ ਪ੍ਰਵਾਸੀ ਪਤੀ ਅਤੇ ਇਕ ਪ੍ਰਵਾਸੀ ਪਤਨੀ ਭਾਰਤ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਦਕਿ 10 ਪਤੀ ਵਿਦੇਸ਼ 'ਚ ਹਨ। ਪ੍ਰਵਾਸੀ ਲਾੜਿਆਂ ਦੇ ਜਵਾਬ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੇ ਮਾਮਲਿਆਂ 'ਚ ਪੀੜਤ ਜਾਂ ਪੀੜਤਾ 0183-2506254 'ਤੇ ਵਲੰਟੀਅਰ ਦੀ ਮਦਦ ਨਾਲ ਆਪਣੇ ਕੇਸ ਨੂੰ ਉਨ੍ਹਾਂ ਸਾਹਮਣੇ ਰੱਖ ਸਕਦੇ ਹਨ। ਇਥੇ ਪਹੁੰਚਦੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 100 ਹੋਰਨਾਂ ਪਰਵਾਸੀ ਲਾੜਿਆਂ ਦੀ ਲਿਸਟ ਤਿਆਰ ਹੋ ਚੁੱਕੀ ਹੈ। ਇਨ੍ਹਾਂ ਵਿਚ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਪਾਸਪੋਰਟ ਰੱਦ ਕੀਤੇ ਜਾਣ ਸਬੰਧੀ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News