ਨਵਜੋਤ ਕੌਰ ਸਿੱਧੂ ਨੇ ਅਕਾਲੀ ਦਲ ਖਿਲਾਫ ਕੱਢੀ ਭੜਾਸ (ਵੀਡੀਓ)
Wednesday, Oct 31, 2018 - 05:53 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਵੋਜਤ ਕੌਰ ਸਿੱਧੂ ਨੇ ਅਕਾਲੀ ਦਲ ਖਿਲਾਫ ਰੱਜ ਕੇ ਭੜਾਸ ਕੱਢੀ। ਅੰਮ੍ਰਿਤਸਰ ਟਰੇਨ ਹਾਦਸੇ 'ਚ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਸਿੱਧੂ ਜੋੜੀ ਨੂੰ ਕਸੂਰਵਾਰ ਦੱਸਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਰਨ ਪੁੱਛੇ ਜਾਣ 'ਤੇ ਡਾ. ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੂੰ ਖਾਸ ਕਰਕੇ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸਭ ਤੋਂ ਜ਼ਿਆਦਾ ਸਿੱਧੂ ਪਰਿਵਾਰ ਤੋਂ ਹੀ ਸਿਆਸੀ ਖਤਰਾ ਮਹਿਸੂਸ ਹੋ ਰਿਹਾ ਹੈ। ਇਹ ਹੀ ਕਾਰਨ ਹੈ ਕਿ ਇਹ ਲੋਕ ਭਾਜਪਾ ਆਗੂਆਂ ਨੂੰ ਢਾਲ ਬਣਾ ਕੇ ਉੁਨ੍ਹਾਂ ਖਿਲਾਫ ੲਿਸ ਤਰ੍ਹਾਂ ਦੇ ਝੂਠੇ ਅਤੇ ਬਿਨਾਂ ਕਿਸੇ ਆਧਾਰ 'ਤੇ ਦੋਸ਼ ਲਗਾ ਰਹੇ ਹਨ।
ਡਾ. ਸਿੱਧੂ ਨੇ ਕਿਹਾ ਕਿ ਮਜੀਠੀਆ ਉਹੀ ਹਨ, ਜੋ ਕਰਜ਼ੇ 'ਚ ਬੁਰੀ ਤਰ੍ਹਾਂ ਡੁੱਬੇ ਹੋਏ ਸਨ ਤੇ ਮਾਲ ਰੋਡ 'ਤੇ ਉਨ੍ਹਾਂ ਦੇ ਘਰ 'ਚ ਟੁੱਟੀ ਅਤੇ ਖਟਾਰਾ ਕੁਆਲਿਸ ਗੱਡੀ ਆਉਂਦੀ ਸੀ। ਅੱਜ ਇਹ ਕਰੋੜਪਤੀ ਅਤੇ ਵੱਡੀਆਂ ਗੱਡੀਆਂ ਦਾ ਮਾਲਕ ਕਿਵੇਂ ਬਣ ਗਿਆ? ਇਸ ਅੰਦਾਜ਼ਾ ਕੋਈ ਵੀ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਅਕਸਰ ਆਪਣੇ ਪਤੀ ਨੂੰ ਕਹਿੰਦੀ ਹੁੰਦੀ ਸੀ ਕਿ ਉਸ ਦੇ ਭਰਾ ਬਿਕਰਮ ਦਾ ਕਾਰੋਬਾਰ ਬੁਰੀ ਤਰ੍ਹਾਂ ਫਲਾਪ ਹੋ ਚੁੱਕਾ ਹੈ। ਇਸ ਲਈ ਉਹ ਉਸ ਨੂੰ ਸਿਆਸਤ 'ਚ ਪ੍ਰਮੋਟ ਕਰਕੇ ਫਰੰਟ 'ਚ ਲਿਆਉਣ। ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਜਿਹਾ ਨਹੀਂ ਚਾਹੁੰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਬਿਕਰਮ ਸਿੰਘ ਮਜੀਠੀਆ ਕਾਰਨ ਉਸ ਦਾ ਬੇਟਾ ਸਿਆਸਤ 'ਚ ਪਛੜ ਸਕਦਾ ਹੈ। ਬਾਵਜੂਦ ਇਸ ਦੇ ਹਰਸਿਮਰਤ ਆਪਣੇ ਭਰਾ ਨੂੰ ਸਿਆਸਤ 'ਚ ਅੱਗੇ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਰਹਿੰਦੀ ਸੀ ਪਰ ਅੱਜ ਇਹ ਲੋਕ ਸਭ ਕੁਝ ਭੁਲ ਕੇ ਉਨ੍ਹਾਂ ਖਿਲਾਫ ਹੀ ਗਲਤ ਤਰੀਕੇ ਨਾਲ ਦੋਸ਼ ਲਾ ਰਹੇ ਹਨ।
ਡਾ. ਸਿੱਧੂ ਨੇ ਜੌੜਾ ਰੇਲਵੇ ਫਾਟਕ ਹਾਦਸੇ ਬਾਰੇ ਕਿਹਾ ਕਿ ਇਹ ਲੋਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ 'ਤੇ ਗੰਦੀ ਅਤੇ ਡਿੱਗੀ ਹੋਈ ਸਿਆਸਤ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਕੁਝ ਤਾਂ ਸ਼ਰਮ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਲੋਕਾਂ 'ਚ ਮੋਦੀ ਸਰਕਾਰ ਖਿਲਾਫ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 2019 'ਚ ਦੇਸ਼ ਦੀ ਜਨਤਾ ਮੋਦੀ ਸਰਕਾਰ ਨੂੰ ਕਰਾਰਾ ਜਵਾਬ ਦੇ ਕੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਏਗੀ।