ਅੰਮ੍ਰਿਤਸਰ : ਕਤਲ ਤੋਂ ਬਾਅਦ ਅੱਗ ਲਾ ਕੇ ਸਾੜੀ ਨੌਜਵਾਨ ਦੀ ਲਾਸ਼
Friday, Jan 24, 2020 - 05:25 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਅੱਪਰ ਦੁਆਬ ਨਹਿਰ ਦੇ ਪੁਲ ਥੱਲੀਓਂ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਪਛਾਣ ਅਸ਼ੋਕ (20) ਵਾਸੀ ਬਿਹਾਰ ਵਜੋਂ ਹੋਈ ਹੈ, ਜੋ ਇਥੇ ਹੀ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਅੱਗ ਲਗਾ ਕੇ ਸਾੜਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਅਸ਼ੋਕ ਸਾਮਾਨ ਲੈਣ ਲਈ ਗਿਆ ਸੀ ਪਰ ਪੂਰੀ ਰਾਤ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਅੱਪਰ ਦੁਆਬ ਨਹਿਰ ਦੇ ਪੁਲ ਥੱਲੀਓਂ ਬਰਾਮਦ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਅਸ਼ੋਕ ਦਾ ਕਤਲ ਕਰਕੇ ਲਾਸ਼ ਨੂੰ ਸਾੜਿਆ ਗਿਆ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।