ਇਹ ਪਾਕਿਸਤਾਨੀ ਲੈਲਾ, ਮਜਨੂੰੰ ਦੀ ਮੁਹੱਬਤ 'ਚ ਅਕਸਰ ਲੰਘਦੀ ਹੈ 'ਸਰਹੱਦ'

01/09/2019 1:10:38 PM

ਅੰਮ੍ਰਿਤਸਰ (ਸਫਰ) :  ਤੁਸੀਂ 'ਲੈਲਾ-ਮਜਨੂੰ' ਦੀਆਂ ਕਹਾਣੀਆਂ ਤਾਂ ਸੁਣੀਆਂ ਹੋਣਗੀਆਂ। ਹੋ ਸਕਦਾ ਹੈ ਮੁਹੱਬਤ ਦੀ ਇਹ ਫਿਲਮ ਵੀ ਦੇਖੀ ਹੋਵੇ। 'ਸ਼ੀਰੀ-ਫਰਿਆਦ' ਦੇ ਕਿੱਸੇ ਵੀ ਯਾਦ ਹੋਣਗੇ ਪਰ 'ਜਗ ਬਾਣੀ' ਤੁਹਾਨੂੰ ਅਜਿਹੀ 'ਪਾਕਿਸਤਾਨੀ ਲੈਲਾ' ਨਾਲ ਮਿਲਾਉਣ ਜਾ ਰਹੀ ਹੈ ਜੋ 'ਮਜਨੂੰ' ਦੀ ਮੁਹੱਬਤ 'ਚ ਪਾਕਿਸਤਾਨ ਤੋਂ ਬਿਨਾਂ 'ਪਾਸਪੋਰਟ' ਤੇ ਬਿਨਾਂ 'ਵੀਜ਼ਾ' ਜਦੋਂ ਚਾਹੇ, ਚਲੀ ਆਉਂਦੀ ਹੈ, ਕੁਝ ਘੰਟੇ ਭਾਰਤ 'ਚ ਰਹਿੰਦੀ ਹੈ ਤੇ ਬਾਅਦ 'ਚ 'ਸਰਹੱਦ' ਟੱਪ ਕੇ ਵਾਪਸ ਪਾਕਿਸਤਾਨ ਚਲੀ ਜਾਂਦੀ ਹੈ। ਸਰਹੱਦ 'ਤੇ ਫੌਜੀ ਉਸ ਨੂੰ ਰੋਕ ਨਹੀਂ ਸਕਦੇ, ਗੁਪਤ ਏਜੰਸੀਆਂ ਉਸ ਦਾ ਟਿਕਾਣਾ ਤੱਕ ਨਹੀਂ ਖੋਜ ਸਕੀਆਂ ਪਰ ਇਸ ਵਾਰ ਪਾਕਿਸਤਾਨੀ ਲੈਲਾ ਖਿਲਾਫ ਅੰਮ੍ਰਿਤਸਰ ਪੁਲਸ 'ਚ ਸ਼ਿਕਾਇਤ ਹੋਈ ਹੈ,  ਜਿਸ ਵਿਚ ਕਿਹਾ ਗਿਆ ਹੈ ਕਿ ਉਹ 24 ਘੰਟੇ ਪਹਿਲਾਂ ਪਾਕਿਸਤਾਨ ਤੋਂ ਆਈ ਸੀ ਪਰ ਹੁਣ ਵਾਪਸ ਨਹੀਂ ਪਰਤ ਰਹੀ।

ਮਾਮਲਾ ਕੁਝ ਇਵੇਂ ਹੈ ਕਿ ਜੀਰਾ ਦਬਾਜ (ਮਜਨੂੰ) ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਸਥਿਤ ਚੌਕੀ ਵਾਲੀ ਗਲੀ 'ਚ ਰਹਿੰਦਾ ਹੈ। ਜੋਨਸਰੀ (ਲੈਲਾ) ਪਾਕਿਸਤਾਨੀ ਹੈ। ਦੋਵਾਂ 'ਚ ਮੁਹੱਬਤ 'ਆਸਮਾਨ' 'ਤੇ ਹੋਈ ਤੇ ਜ਼ਮੀਨ 'ਤੇ ਦੋਵੇਂ ਕੁਝ ਮਹੀਨਿਆਂ ਤੋਂ ਮਿਲਣ ਲੱਗੇ। ਪਹਿਲਾਂ ਤਾਂ ਦੋਵੇਂ ਸੂਰਜ ਅਸਤ ਹੋਣ ਤੋਂ ਪਹਿਲਾਂ ਅਕਸਰ ਅੰਮ੍ਰਿਤਸਰ ਦੀ ਛੱਤ 'ਤੇ ਮਿਲ ਕੇ ਮੁਹੱਬਤ ਦੀ 'ਗੁਟਰ ਗੂ-ਗੁਟਰ ਗੂ' ਕਰਦੇ ਰਹਿੰਦੇ ਸਨ। 2019 'ਚ ਪਾਕਿਸਤਾਨੀ ਲੈਲਾ ਪਹਿਲੀ ਵਾਰ 7 ਜਨਵਰੀ ਨੂੰ ਅੰਮ੍ਰਿਤਸਰ ਆਈ। ਸ਼ਾਇਦ 'ਹੈਪੀ ਨਿਊ ਯੀਅਰ' ਕਹਿਣ ਆਈ ਸੀ ਪਰ ਹੁਣ ਉਹ ਪਾਕਿਸਤਾਨ ਜਾਣ ਦਾ ਨਾਂ ਹੀ ਨਹੀਂ ਲੈ ਰਹੀ। ਹਾਲਾਂਕਿ ਉਸ ਦੀ ਆਓ ਭਗਤ ਹੋ ਰਹੀ ਹੈ ਪਰ ਮਾਮਲਾ ਪਾਕਿਸਤਾਨ ਨਾਲ ਜੁੜਿਆ ਹੋਇਆ ਸੀ, ਅਜਿਹੇ 'ਚ ਗੱਲ ਅੰਮ੍ਰਿਤਸਰ ਪੁਲਸ ਤੱਕ ਜਾ ਪਹੁੰਚੀ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਉਸ ਕਬੂਤਰੀ ਦੀ ਜੋ ਪਿਛਲੇ ਕੁਝ ਸਮੇਂ ਤੋਂ ਆਸਮਾਨ 'ਚ ਉਡਣ ਵਾਲੇ ਭਾਰਤੀ ਕਬੂਤਰ ਨਾਲ ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਸਥਿਤ ਚੌਕੀ ਵਾਲੀ ਗਲੀ ਵਾਸੀ ਬੌਬੀ ਦੇ ਘਰ ਦੀ ਛੱਤ 'ਤੇ ਆਉਣ ਲੱਗੀ ਸੀ। ਉਹ ਅਕਸਰ ਸਵੇਰੇ ਆਉਂਦੀ ਤੇ ਸ਼ਾਮ ਹੋਣ ਤੋਂ ਪਹਿਲਾਂ ਉੱਡ ਜਾਂਦੀ ਸੀ ਪਰ ਇਸ ਵਾਰ ਜਦੋਂ ਨਹੀਂ ਗਈ ਤਾਂ ਪੁਲਸ ਤੱਕ ਗੱਲ ਪਹੁੰਚ ਗਈ।

'ਪੰਛੀ, ਨਦੀਆਂ, ਪਵਨ ਦੇ ਝੋਂਕੇ ਕੋਈ ਸਰਹੱਦ ਇਨ੍ਹਾਂ ਨੂੰ ਨਾ ਰੋਕੇ'
2000 'ਚ ਅਭਿਸ਼ੇਕ ਬੱਚਨ ਦੀ ਆਈ ਫਿਲਮ 'ਰਿਫਿਊਜੀ' ਵਿਚ 'ਪੰਛੀ, ਨਦੀਆਂ, ਪਵਨ ਦੇ ਝੋਂਕੇ ਕੋਈ ਸਰਹੱਦ ਇਨ੍ਹੇ ਨਾ ਰੋਕੇ' ਲਿਖਣ ਵਾਲੇ ਜਾਵੇਦ ਅਖਤਰ ਦਾ ਇਹ ਗੀਤ ਇਸ ਕਬੂਤਰੀ 'ਤੇ 18 ਸਾਲ ਬਾਅਦ ਸੱਚ ਸਾਬਿਤ ਹੁੰਦਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਬੂਤਰ ਪਾਲਣ ਦੇ ਸ਼ੌਕੀਨ ਬੌਬੀ, ਲਵਲੀ ਅਤੇ ਪਿੰਦਾ ਕਹਿੰਦੇ ਹਨ ਕਿ ਭਾਰਤ-ਪਾਕਿ ਦੀ ਸਰਹੱਦ 'ਤੇ ਅੰਮ੍ਰਿਤਸਰ ਵਸਿਆ ਹੈ। ਕਬੂਤਰ ਜਦੋਂ ਉਡਾਏ ਜਾਂਦੇ ਹਨ ਤਾਂ ਅਕਸਰ ਸਰਹੱਦ ਦੇ ਉਸ ਪਾਰ ਚਲੇ ਜਾਂਦੇ ਹਨ ਤਾਂ ਉੱਧਰ ਤੋਂ ਇਧਰ ਆ ਜਾਂਦੇ ਹਨ। ਪਾਕਿਸਤਾਨੀ ਕਬੂਤਰਾਂ 'ਤੇ ਪਾਕਿਸਤਾਨ ਦਾ ਨਕਸ਼ਾ ਹਰੇ ਰੰਗ ਨਾਲ ਬਣਾ ਦਿੱਤਾ ਜਾਂਦਾ ਹੈ, ਇਹੀ ਉਨ੍ਹਾਂ ਦੀ ਪਛਾਣ ਹੈ। ਭਾਰਤ ਤੇ ਪਾਕਿ ਦੋਵਾਂ ਮੁਲਕਾਂ 'ਚ ਲਾਹੌਰ ਅਤੇ ਅੰਮ੍ਰਿਤਸਰ ਦੋ ਅਜਿਹੇ ਸ਼ਹਿਰ 'ਅਖੰਡ ਪੰਜਾਬ' ਵਿਚ ਹੁੰਦੇ ਸਨ ਜਿਥੇ ਹਰੇਕ ਸਾਲ ਕਬੂਤਰ ਉਡਾਉਣ ਦੇ ਮੁਕਾਬਲੇ ਦੇਖਣ ਦੁਨੀਆ ਭਰ ਤੋਂ ਲੋਕ ਆਇਆ ਕਰਦੇ ਸਨ। ਦੋਵਾਂ ਦੇਸ਼ਾਂ ਵਿਚ ਇਨਸਾਨਾਂ ਲਈ ਪਾਸਪੋਰਟ, ਵੀਜ਼ਾ ਹੈ ਪਰ ਪੰਛੀ ਕਿਸੇ ਸਰਹੱਦ ਦੇ ਗੁਲਾਮ ਨਹੀਂ ਹੁੰਦੇ।

ਪਾਕਿਸਤਾਨੀ 'ਕਬੂਤਰੀ' ਤੇ ਭਾਰਤੀ 'ਕਬੂਤਰ' ਦੀ ਅਨੋਖੀ ਮੁਹੱਬਤ
ਜੀਰਾ ਦਬਾਜ  (ਮਜਨੂੰ) ਤੇ ਜੋਨਸਰੀ (ਲੈਲਾ) ਇਹ ਇਨ੍ਹਾਂ ਦੇ ਪ੍ਰਜਾਤੀ ਨਾਂ ਹਨ। ਪ੍ਰਜਾਤੀ ਨਾਵਾਂ ਦੀ ਉਨ੍ਹਾਂ ਦੇ ਰੰਗਾਂ ਤੋਂ ਪਛਾਣ ਹੁੰਦੀ ਹੈ। 'ਜੀਰਾ ਦਬਾਜ' ਅਜਿਹਾ 'ਜਬਾਂਜ਼' ਹੈ ਜੋ ਸਭ ਤੋਂ ਜ਼ਿਆਦਾ ਹਵਾ ਵਿਚ 'ਉੱਡਦਾ' ਹੈ, ਉੱਧਰ ਜੋਨਸਰੀ (ਲੈਲਾ) ਪ੍ਰਜਾਤੀ ਦੀ ਜ਼ਿਆਦਾ ਪਸੰਦ 'ਜੀਰਾ ਦਬਾਜ' ਹੀ ਹੁੰਦੇ ਹਨ। 'ਜੀਰਾ ਦਬਾਜ' 10 ਘੰਟੇ ਤੱਕ ਆਸਮਾਨ ਵਿਚ ਉਡਣ ਦਾ ਸਾਹਸ ਰੱਖਦਾ ਹੈ, ਜੀਰਾ ਦਬਾਜ ਪਿਛਲੇ ਦਿਨੀਂ ਜਦੋਂ ਹਵਾ ਵਿਚ ਉੱਡਿਆ ਤਾਂ ਪਰਤਦੇ ਸਮੇਂ ਉਸ ਦੇ ਨਾਲ 'ਜੋਨਸਰੀ' ਵੀ ਸੀ। ਕਈ ਵਾਰ ਜੋਨਸਰੀ ਭਾਰਤ ਆਈ ਪਰ ਦਿਨ ਵਿਚ ਹੀ ਪਰਤ ਜਾਂਦੀ। ਜੀਰਾ ਦਬਾਜ ਤੇ ਜੋਨਸਰੀ ਇਕੱਠੇ ਹੀ ਦਾਣਾ ਚੁੱਗਦੇ ਤੇ ਇਕੱਠੇ ਹੀ ਪਾਣੀ ਪੀਂਦੇ ਹਨ। ਦੋਵਾਂ ਦੀ ਮੁਹੱਬਤ 'ਤੇ ਇਨ੍ਹਾਂ ਨੂੰ 'ਲੈਲਾ-ਮਜਨੂੰ' ਨਾਂ ਦਿੱਤਾ ਗਿਆ ਹੈ।

ਲਖਬੀਰ ਸਿੰਘ, ਏ. ਡੀ. ਸੀ. ਪੀ.-2
ਕਬੂਤਰੀ ਪਾਕਿਸਤਾਨੀ ਹੈ ਜਾਂ ਭਾਰਤੀ ਇਸ ਦਾ ਦਾਅਵਾ ਕਿਸ ਆਧਾਰ 'ਤੇ ਹੋਵੇਗਾ, ਇਹ ਜਾਂਚ ਦਾ ਵਿਸ਼ਾ ਹੈ।  (ਹੱਸਦੇ ਹੋਏ)   ਮੈਨੂੰ ਬਚਪਨ ਤੋਂ ਹੀ ਅਖਬਾਰਾਂ ਪੜ੍ਹਨ ਦਾ ਸ਼ੌਕ ਹੈ, ਅੱਜ ਤੱਕ ਮੈਂ ਅਜਿਹੀ ਖਬਰ ਨਹੀਂ ਪੜ੍ਹੀ, ਨਾ ਹੁਣ ਤੱਕ ਟੀ. ਵੀ. ਵਿਚ ਚੱਲਦੀ ਦੇਖੀ ਹੈ। ਪਤਾ ਨਹੀਂ, ਕਿਥੋਂ 'ਜਗ ਬਾਣੀ' ਅਜਿਹੀਆਂ ਖਬਰਾਂ ਖੋਜ ਕੇ ਲਿਆਂਦੀ ਹੈ ਜੋ ਅਨੌਖੀਆਂ ਵੀ ਹੁੰਦੀਆਂ ਹਨ ਅਤੇ ਹੈਰਾਨ ਕਰ ਦੇਣ ਵਾਲੀਆਂ ਵੀ। ਇਸ ਮਾਮਲੇ 'ਚ ਕਾਨੂੰਨੀ ਸਲਾਹ ਲਈ ਜਾਵੇਗੀ, ਸ਼ਿਕਾਇਤ 'ਤੇ ਕੀ ਕਾਰਵਾਈ ਕੀਤੀ ਜਾਵੇ।
 


Baljeet Kaur

Content Editor

Related News