ਅੰਮ੍ਰਿਤਸਰ : ਸਿਵਲ ਹਸਪਤਾਲ ''ਚੋਂ ਅਗਵਾ ਹੋਇਆ ਬੱਚਾ ਬਰਾਮਦ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

Wednesday, Oct 02, 2019 - 07:27 PM (IST)

ਅੰਮ੍ਰਿਤਸਰ : ਸਿਵਲ ਹਸਪਤਾਲ ''ਚੋਂ ਅਗਵਾ ਹੋਇਆ ਬੱਚਾ ਬਰਾਮਦ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਅੰਮ੍ਰਿਤਸਰ, (ਵੈਬ ਡੈਸਕ)- ਸਿਵਲ ਹਸਪਤਾਲ ਵਿਚੋਂ ਸਰਕਾਰੀ ਸਹੂਲਤਾਂ ਤਹਿਤ ਫਾਰਮ ਭਰਨ ਦੇ ਬਹਾਨੇ ਬੱਚਾ ਚੋਰੀ ਕਰਨ ਵਾਲੀ ਔਰਤ ਤੇ ਉਸਦੇ ਪਤੀ ਨੂੰ ਪੁਲਸ ਵਲੋਂ ਕਾਬੂ ਕਰ, ਉਨ੍ਹਾਂ ਤੋਂ ਬੱਚਾ ਬਰਾਮਦ ਕਰ ਲਿਆ ਗਿਆ ਹੈ।  ਅੰਮ੍ਰਿਤਸਰ ਪੁਲਸ ਦੇ ਮੁਤਾਬਕ ਇਹ ਸਾਰਾ ਮਾਮਲਾ ਹੈਰਾਨ ਕਰ ਦੇਣ ਵਾਲਾ ਸੀ। ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ 'ਚੋਂ ਬੀਤੇ ਦਿਨੀਂ ਇਕ ਨਵ ਜਨਮੇ ਬੱਚੇ ਦੇ ਪਰਿਵਾਰ ਨੂੰ ਇਕ ਔਰਤ ਸਰਕਾਰੀ ਸਹੂਲਤਾਂ ਦਾ ਲਾਭ ਦਵਾਉਣ ਦੇ ਨਾਮ ਉਤੇ ਬੱਚਾ ਅਗਵਾ ਕਰ ਲੈ ਗਈ ਸੀ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ। ਪ੍ਰਾਪਤ ਹੋਈ ਸੀ. ਸੀ. ਟੀ. ਵੀ. ਦੇ ਫੁੱਟੇਜ ਦੇ ਆਧਾਰ ਉਤੇ ਉਕਤ ਔਰਤ ਦੀ ਪਛਾਣ ਸਿਮਰਨ ਕੌਰ ਵਜੋਂ ਹੋਈ, ਜੋ ਕਿ ਇਕ ਚੰਗੇ ਪਰਿਵਾਰ ਦੀ ਨੂੰਹ ਹੈ।

ਸਿਮਰਨ ਕੌਰ ਐੱਮ. ਏ. ਇਕੋਨਾਮਿਕਸ ਹੈ ਅਤੇ ਉਹ ਬੱਚਿਆਂ ਨੂੰ ਮੁਫਤ ਪੜਾਉਂਦੀ ਹੈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਸਾਰੇ ਮਾਮਲੇ ਪਿੱਛੇ ਬੱਚਾ ਅਗਵਾ ਕਰਨ ਦੀ ਅਸਲ ਵਜਾ ਇਹ ਸੀ ਕਿ ਸਿਮਰਨ ਦੇ ਕੋਈ ਬੱਚਾ ਨਹੀਂ ਹੋ ਰਿਹਾ ਸੀ। ਉਹ ਜਿਨ੍ਹੀਂ ਵਾਰ ਵੀ ਗਰਭਵਤੀ ਹੋਈ, 6ਵੇਂ ਮਹੀਨੇ ਵਿਚ ਉਸਦਾ ਗਰਭਪਾਤ ਹੋ ਜਾਂਦਾ ਸੀ। ਜਿਸ ਕਾਰਨ ਉਸਨੇ ਆਪਣੇ ਪਤੀ ਨਾਲ ਮਿਲ ਕਿ ਇਹ ਸਾਜਿਸ਼ ਰੱਚੀ। ਦੋਵਾਂ ਨੇ ਸਾਜਿਸ਼ ਕੀਤੀ ਕਿ ਸਿਵਲ ਹਸਪਤਾਲ ਵਿਚ ਦੂਰ-ਦੁਰਾਡੇ ਇਲਾਕੇ ਤੋਂ ਆਏ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਬੱਚਾ ਅਗਵਾ ਕਰ ਲੈਣਗੇ। ਜਿਸ ਪਿੱਛੋਂ ਸਿਮਰਨ ਨੇ ਦਲਜੀਤ ਕੌਰ ਨਾਂ ਦੀ ਔਰਤ ਨੂੰ ਨਿਸ਼ਾਨਾ ਬਣਾਇਆ ਤੇ ਉਸਦੇ ਬੱਚੇ ਦਾ ਬੀਮਾ ਕਰਵਾਉਣ ਦੇ ਨਾਮ ਉਤੇ ਫੋਟੋ ਖਿਚਾਵਾਉਣ ਦੇ ਬਹਾਨੇ ਨਾਨੀ ਕੋਲੋਂ ਬੱਚਾ ਅਗਵਾ ਕਰ ਲਿਆ। ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਉਹ ਆਪਣੇ ਪਤੀ ਨਾਲ ਬੁਲੇਟ ਮੋਟਰਸਾਈਕਲ ਉਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਗਈ। ਦੋਵੇਂ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਜਲੰਧਰ ਲੈ ਆਏ। ਇਸ ਦੌਰਾਨ ਪੁਲਸ ਵਲੋਂ ਸੀ. ਸੀ. ਟੀ. ਵੀ. ਦੀ ਫੁੱਟੇਜ ਵਾਇਰਲ ਕਰ ਦਿੱਤੀ ਗਈ, ਜਿਸ ਦੌਰਾਨ ਦੋਵਾਂ ਦੀ ਪਛਾਣ ਹੋ ਗਈ। ਪੁਲਸ ਵਲੋਂ ਉਕਤ ਦੋਵਾਂ ਤੋਂ ਬੱਚਾ ਬਰਾਮਦ ਕਰ ਲਿਆ ਗਿਆ ਹੈ, ਜੋ ਕਿ ਪੀੜਤ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਦੱਸ ਦਈਏ ਕਿ ਦਲਜੀਤ ਕੌਰ ਦੇ 23 ਸਤੰਬਰ ਨੂੰ ਬੱਚੇ ਦਾ ਜਨਮ ਹੋਇਆ ਸੀ ਤੇ 30 ਸਤੰਬਰ ਨੂੰ ਉਸਦਾ ਬੱਚਾ ਅਗਵਾ ਹੋ ਗਿਆ। 


author

DILSHER

Content Editor

Related News