ਅੰਮ੍ਰਿਤਸਰ ਦੀ ਜੇਲ 'ਚ ਬੰਦ 20 ਸਾਲਾ ਅਕਾਸ਼ਦੀਪ ਇੰਝ ਬਣਿਆ ਖਾਲਿਸਤਾਨੀ
Tuesday, Sep 24, 2019 - 12:23 PM (IST)
ਅੰਮ੍ਰਿਤਸਰ - ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਵਿਭਾਗ ਦੀ ਵਿਸ਼ੇਸ਼ ਟੀਮ ਨੇ ਪਾਕਿ ਤੇ ਜਰਮਨੀ ਗਰੁੱਪਾਂ ਦੇ ਸਬੰਧਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਦਾ ਪਰਦਾਫਾਸ਼ ਕਰਦਿਆਂ 4 ਅੱਤਵਾਦੀਆਂ ਨੂੰ ਕਾਬੂ ਕੀਤਾ ਸੀ। ਕਾਬੂ ਕੀਤੇ ਅੱਤਵਾਦੀਆਂ 'ਚ ਬਲਵੰਤ ਸਿੰਘ ਬਾਬਾ ਉਰਫ ਨਿਹੰਗ (45) ਪੁੱਤਰ ਮਿਲਖਾ ਸਿੰਘ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ ਪੁੱਤਰ ਕਵਲਜੀਤ ਸਿੰਘ, ਹਰਭਜਨ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਬਲਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਚੋਹਲਾ ਸਾਹਿਬ ਦੇ ਨੇੜੇ ਲਿੰਕ ਰੋਡ ਤੋਂ ਹਥਿਆਰਾਂ ਨਾਲ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਗ੍ਰਿਫਤਾਰ ਕੀਤਾ ਸੀ। ਉਕਤ ਵਿਅਕਤੀਆਂ ਤੋਂ ਪੁਲਸ ਨੇ 5 ਏ. ਕੇ. 47 ਰਾਈਫਲਾਂ, ਪਿਸਤੌਲ, ਸੈਟੇਲਾਈਟ ਫੋਨ ਤੇ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਹ ਗਰੁੱਪ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ 'ਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ, ਜਿਸ ਨੂੰ ਪੰਜਾਬ ਪੁਲਸ ਕਾਬੂ ਕਰਨ 'ਚ ਸਫਲ ਰਹੀ ਹੈ। ਜਾਂਚ 'ਚ ਇਹ ਪਤਾ ਲੱਗਾ ਹੈ ਕਿ ਇਹ ਸਾਰੇ ਹਥਿਆਰ ਅਤੇ ਸੰਚਾਰ ਸਾਧਨ ਸਰਹੱਦ ਪਾਰ ਤੋਂ ਡਰੋਨ ਰਾਹੀਂ ਭਾਰਤ ਪੁੱਜੇ ਸਨ।
ਕਾਬੂ ਕੀਤੇ ਵਿਅਕਤੀਆਂ 'ਚੋਂ ਇਕ ਮੈਂਬਰ ਅਕਾਸ਼ਦੀਪ ਸਿੰੰਘ ਦੇ ਨਾਂ ਦਾ ਵੀ ਹੈ, ਜੋ ਅੰਮ੍ਰਿਤਸਰ ਦੀ ਜੇਲ 'ਚ ਬੰਦ ਹੈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਦੇ ਖਿਲਾਫ ਕੁਝ ਸਮਾਂ ਪਹਿਲਾਂ ਕਤਲ ਕਰਨ ਦੀ ਕੋਸ਼ਿਸ਼ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਉਹ ਅੰਮ੍ਰਿਤਸਰ ਦੀ ਜੇਲ 'ਚ ਬੰਦ ਸੀ। ਜੇਲ 'ਚ ਉਸ ਦੀ ਮੁਲਾਕਾਤ ਮਾਨ ਸਿੰਘ ਨਾਲ ਹੋਈ, ਜਿਸ ਨੇ ਉਸ ਨੂੰ ਕੱਟੜਪੰਥੀ ਬਣਾ ਦਿੱਤਾ। ਮਾਨ ਸਿੰਘ ਨੇ ਅਕਾਸ਼ਦੀਪ ਨੂੰ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਨ ਦੇ ਨਾਲ-ਨਾਲ ਉਸ ਨੂੰ ਪਾਕਿ ਸਥਿਤ ਸੰਸਥਾਵਾਂ ਨਾਲ ਵੀ ਮਿਲਾ ਦਿੱਤਾ। ਮਾਨ ਸਿੰਘ ਜੋ ਇਸ ਸਮੇਂ ਆਰਮ ਐਕਟ ਅਤੇ ਯੂ.ਏ.ਪੀ.ਏ. ਦੇ ਤਹਿਤ ਅੰਮ੍ਰਿਤਸਰ ਦੀ ਜੇਲ 'ਚ ਬੰਦ ਹੈ, ਨੇ ਗੁਰਮੀਤ ਬੱਗਾ ਦੇ ਕਹਿਣ 'ਤੇ ਅਕਾਸ਼ਦੀਪ ਨੂੰ ਭਰਤੀ ਕੀਤਾ ਸੀ।
ਦੂਜੇ ਪਾਸੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਸਮੁਰਾਈ ਦੇ ਰਹਿਣ ਵਾਲੇ ਮਾਨ ਸਿੰਘ ਨੂੰ ਮਈ 2017 'ਚ ਬੀ.ਐੱਸ.ਐੱਫ ਅਤੇ ਪੰਜਾਬ ਪੁਲਸ ਨੇ ਕਰਤਾਰਪੁਰ ਦੇ ਰਹਿਣ ਵਾਲੇ ਸ਼ੇਰ ਸਿੰਘ ਸਣੇ ਗ੍ਰਿਫਤਾਰ ਕੀਤਾ ਸੀ। ਜਿਸ ਦੌਰਾਨ ਬੀ.ਐੱਸ.ਐੱਫ. ਨੇ ਕੈਨੇਡਾ ਅਤੇ ਪਾਕਿ 'ਚ ਲਿੰਕ ਰੱਖਣ ਵਾਲੇ ਅੱਤਵਾਦੀਆਂ ਦਾ ਪਤਾ ਲੱਗਣ ਦਾ ਦਾਅਵਾ ਕਰਦੇ ਹੋਏ ਭਾਰਤ-ਪਾਕਿ ਸਰਹੱਦ ਨੇੜੇ ਦਫਨਾਏ ਹਥਿਆਰ ਅਤੇ ਗੋਲਾ-ਬਰੂਦ ਦਾ ਇਕ ਕੈਸ਼ ਉਦਾਹਰ ਵਜੋਂ ਬਰਾਮਦ ਕੀਤਾ ਸੀ।