ਗੋਪਾਲ ਚਾਵਲਾ ਤੇ ਪਾਕਿਸਤਾਨ ਆਰਮੀ ਚੀਫ ਦੀ ਤਸਵੀਰ ਵਾਇਰਲ ਹੋਣ ਨਾਲ ਵਧਿਆ ਵਿਵਾਦ

Thursday, Nov 29, 2018 - 10:46 AM (IST)

ਗੋਪਾਲ ਚਾਵਲਾ ਤੇ ਪਾਕਿਸਤਾਨ ਆਰਮੀ ਚੀਫ ਦੀ ਤਸਵੀਰ ਵਾਇਰਲ ਹੋਣ ਨਾਲ ਵਧਿਆ ਵਿਵਾਦ

ਅੰਮ੍ਰਿਤਸਰ (ਕੱਕੜ) - ਭਾਰਤ-ਪਾਕਿਸਤਾਨ 'ਚ ਬਣਨ ਵਾਲੇ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਨੀਂਹ ਰੱਖੀ ਗਈ ਤਾਂ ਇਸ ਮੌਕੇ ਪਾਕਿਸਤਾਨ ਦੇ ਆਰਮੀ ਚੀਫ ਕਮਰ ਜਾਵੇਦ ਬਾਜਵਾ ਤੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਮਿਲਣ ਦੀ ਤਸਵੀਰ ਨਾਲ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਯਾਦ ਰਹੇ ਕਿ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਸਕੱਤਰ ਹੈ ਤੇ ਉਸ ਨੂੰ 26/11 ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ। ਸੂਤਰਾਂ ਮੁਤਾਬਕ ਗੋਪਾਲ ਸਿੰਘ ਚਾਵਲਾ ਭਾਰਤੀ ਪੰਜਾਬ 'ਚ ਫਿਰ ਤੋਂ ਖਾਲਿਸਤਾਨੀ ਗੁੱਟਾਂ ਨੂੰ ਇਕ ਕਰਨ ਦੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬੀਤੀ 21 ਤੇ 22 ਨਵੰਬਰ ਨੂੰ ਭਾਰਤੀ ਉੱਚ ਕਮਿਸ਼ਨ ਦੇ ਅਧਿਕਾਰੀਆਂ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੱਚਾ ਸੌਦਾ ਵਿਖੇ ਬਦਸਲੂਕੀ 'ਚ ਵੀ ਚਾਵਲਾ ਦਾ ਨਾਂ ਸਾਹਮਣੇ ਆਇਆ ਸੀ।

ਸੂਤਰਾਂ ਮੁਤਾਬਕ ਦੇਸ਼ ਤੋਂ ਬਾਹਰ ਬੈਠੇ ਖਾਲਿਸਤਾਨੀ ਸਮਰਥਕ ਜੋ ਅੱਤਵਾਦੀ ਸਾਜ਼ਿਸ਼ਾਂ ਰਚ ਰਹੇ ਹਨ, 'ਚ ਗੋਪਾਲ ਸਿੰਘ ਚਾਵਲਾ (ਪਾਕਿਸਤਾਨ), ਹਰਮੀਤ ਸਿੰਘ ਉਰਫ ਹੈਪੀ, ਗੁਰਜਿੰਦਰ ਸਿੰਘ ਉਰਫ ਸ਼ਾਸਤਰੀ  (ਇਟਲੀ 'ਚ ਹੋਣ ਦੀ ਖਬਰ),  ਗੁਰਸ਼ਰਨਬੀਰ ਸਿੰਘ  ਉਰਫ ਗੁਰਸ਼ਰਨ ਵਾਲੀਆ  (ਬ੍ਰਿਟੇਨ), ਗੁਰਜੰਟ ਸਿੰਘ ਢਿੱਲੋਂ (ਆਸਟਰੇਲੀਆ) ਆਦਿ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਪੰਜਾਬ  ਦੇ ਅੰਮ੍ਰਿਤਸਰ ਦੇ ਇਕ ਪਿੰਡ 'ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਬੀਤੇ ਦਿਨ ਹੋਈਆਂ ਸਾਰੀਆਂ ਅੱਤਵਾਦੀ ਗਤੀਵਿਧੀਆਂ 'ਚ ਪਾਕਿਸਤਾਨ ਦੇ ਹੱਥ ਹੋਣ ਦੀ ਕੇਂਦਰ ਸਰਕਾਰ ਨੇ ਵੀ ਗੱਲ ਮੰਨੀ ਹੈ। ਕੁਝ ਮਹੀਨੇ ਪਹਿਲਾਂ ਪਾਕਿਸਤਾਨ 'ਚ ਹਾਫਿਜ਼ ਸਈਦ ਨਾਲ ਚਾਵਲਾ ਦੀ ਮੁਲਾਕਾਤ ਦੀ ਫੋਟੋ ਵੀ ਜਾਂਚ ਏਜੰਸੀਆਂ ਦੇ ਹੱਥ ਲੱਗੀ ਸੀ, ਜਿਸ ਤੋਂ ਖਾਲਿਸਤਾਨ ਸਮਰਥਕਾਂ ਦੇ ਪਾਕਿਸਤਾਨ ਦੇ ਅੱਤਵਾਦੀ ਸਮਰਥਕਾਂ ਨਾਲ  ਰਿਸ਼ਤੇ ਹੋਣ ਦਾ ਸ਼ੱਕ ਮੰਨਿਆ ਜਾ ਰਿਹਾ ਹੈ।  ਇਹ ਵੀ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਗੋਪਾਲ ਸਿੰਘ ਚਾਵਲਾ ਭੜਕਾਊ ਬਿਆਨ ਪੋਸਟ ਕਰਦਾ ਰਹਿੰਦਾ ਹੈ, ਨਾਲ ਹੀ ਸੋਸ਼ਲ ਮੀਡੀਆ ਜ਼ਰੀਏ ਲੜਕਿਆਂ ਨੂੰ ਖਾਲਿਸਤਾਨ ਲਈ ਨਿਯੁਕਤ ਕੀਤਾ ਜਾ ਰਿਹਾ ਹੈ।


author

Baljeet Kaur

Content Editor

Related News