ਸਰਵਿਸ ਕਰਵਾਉਣ ਭੇਜੀ ਗੱਡੀ, ਨਕਲੀ ਚਾਬੀ ਬਣਾ ਕੇ ਕਰਿੰਦਿਆਂ ਨੇ ਹੀ ਕੀਤੀ ਚੋਰੀ

Friday, Oct 18, 2019 - 12:11 PM (IST)

ਸਰਵਿਸ ਕਰਵਾਉਣ ਭੇਜੀ ਗੱਡੀ, ਨਕਲੀ ਚਾਬੀ ਬਣਾ ਕੇ ਕਰਿੰਦਿਆਂ ਨੇ ਹੀ ਕੀਤੀ ਚੋਰੀ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਬਸੰਤ ਐਵੀਨਿਊ ਵਾਸੀ ਸੰਗੀਤਾ ਗੁਪਤਾ ਪਤਨੀ ਸੰਦੀਪ ਗੁਪਤਾ ਨੇ ਆਪਣੀ ਗੱਡੀ ਸਰਵਿਸ ਕਰਾਉਣ ਲਈ ਦਿੱਤੀ ਸੀ। ਇਸੇ ਦੌਰਾਨ ਏਜੰਸੀ ਮੁਲਾਜ਼ਮਾਂ ਨੇ ਕਾਰ ਦੀ ਡੁਪਲੀਕੇਟ ਚਾਬੀ ਬਣਾ ਲਈ। ਕਾਰ ਸਰਵਿਸ ਹੋਣ ਤੋਂ 16 ਦਿਨਾਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੇ ਕਰੇਟਾ ਕਾਰ ਨੰਬਰ ਪੀ ਬੀ 02 ਡੀ ਜੀ 5642 ਕਾਰ ਮਾਲਕ ਦੇ ਘਰ ਦੇ ਬਾਹਰੋਂ ਚੋਰੀ ਕਰ ਲਈ। ਇਸ ਮਗਰੋਂ ਕਾਰ ਦਾ ਜਾਅਲੀ ਨੰਬਰ ਲਾ ਕੇ ਦੋਵੇਂ ਚੋਰੀ ਕੀਤੀ ਕਾਰ ਨੂੰ ਮੇਰਠ ਵੱਲ ਵੇਚਣ ਜਾ ਰਹੇ ਸਨ ਕਿ ਇਸੇ ਦੌਰਾਨ ਉਹ ਪੁਲਸ ਦੇ ਹੱਥੇ ਚੜ੍ਹ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਜਗਮੋਗਣ ਸਿੰਘ ਨੇ ਦੱਸਿਆ ਕਿ ਸੰਗੀਤਾ ਗੁਪਤਾ ਪਤਨੀ ਸੰਦੀਪ ਗੁਪਤ ਦੀ ਸ਼ਿਕਾਇਤ ਦੇ ਆਧਾਰ 'ਤੇ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਦੀ ਅਗਵਾਹੀ ਹੇਠ ਬਣਾਈ ਵਿਸ਼ੇਸ਼ ਜਾਂਚ ਟੀਮ ਵਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਗਈ। ਇਸੇ ਦੌਰਾਨ ਸੀ.ਆਈ.ਏ. ਇੰਚਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਕੀਤੀ ਨਾਕਾਬੰਦੀ ਦੌਰਾਨ 2 ਸ਼ੱਕੀ ਕਰੇਟਾ ਕਾਰ ਸਵਾਰਾਂ ਨੂੰ ਜਾਂਚ ਲਈ ਰੋਕਿਆ, ਦਸਤਾਵੇਜ਼ੀ ਜਾਂਚ ਦੌਰਾਨ ਕਾਰ ਦਾ ਨੰਬਰ ਜਾਅਲੀ ਪਾਇਆ ਗਿਆ। ਪੁਲਸ ਨੇ ਦੋਵਾਂ ਕਾਰ ਸਵਾਰਾਂ ਹਰਸਿਮਰਨ ਸਿੰਘ ਵਾਸੀ ਕੱਥੂਨੰਗਲ ਰੋਡ ਮਜੀਠਾ ਅਤੇ ਗੁਰਪ੍ਰੀਤ ਸਿੰਘ ਵਾਸੀ ਬਾਬਾ ਜਵੰਦਾ ਲਿੰਘ ਕਾਲੋਨੀ ਰਾਜਾਸਾਂਸੀ ਨੂੰ ਹਿਰਾਸਤ 'ਚ ਲੈਣ ਮਗਰੋਂ ਥਾਣਾ ਮਜੀਠਾ ਰੋਡ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


author

Baljeet Kaur

Content Editor

Related News