ਇੰਗਲੈਂਡ ਦੇ ਧਰਮ ਗੁਰੂ ਨੇ 100 ਸਾਲ ਬਾਅਦ ਜਲਿਆਂਵਾਲਾ ਬਾਗ 'ਚ ਇਸ ਤਰ੍ਹਾਂ ਮੰਗੀ ਮੁਆਫੀ
Wednesday, Sep 11, 2019 - 01:34 PM (IST)

ਅੰਮ੍ਰਿਤਸਰ : ਕੈਂਟਰੀਬਰੀ (ਇੰਗਲੈਂਡ) ਦੇ ਆਰਕ ਬਿਸ਼ਪ ਜਸਟਿਨ ਵੈਲਬੀ ਮੰਗਲਵਾਰ ਨੂੰ ਜਲਿਆਂਵਾਲਾ ਬਾਗ ਵਿਖੇ ਪਹੁੰਚੇ। ਇਸ ਦੌਰਾਨ ਪ੍ਰਮਾਤਮਾ ਅੱਗੇ ਮੁਆਫ ਕਰ ਦੇਣ ਦੀ ਪ੍ਰਾਰਥਨਾ ਕਰਦੇ ਹੋਏ ਜਸਟਿਨ ਵੈਲਬੀ ਦੰਡਵਤ ਮੁਦਰਾ 'ਚ ਜ਼ਮੀਨ 'ਤੇ ਲੇਟ ਗਏ। ਉਨ੍ਹਾਂ ਵਾਰ-ਵਾਰ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ 1919 'ਚ ਜਲਿਆਂਵਾਲਾ ਬਾਗ 'ਚ ਹੋਏ ਕਤਲੇਆਮ ਲਈ ਉਹ ਬਹੁਤ ਸ਼ਰਮਿੰਦਾ ਤੇ ਦੁਖੀ ਹਨ।
ਕਤਲੇਆਮ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜਸਟਿਨ ਵੈਲਬੀ ਨੇ ਕਿਹਾ, ''ਮੈਂ ਬ੍ਰਿਟਿਸ਼ ਸਰਕਾਰ ਲਈ ਤਾਂ ਕੁਝ ਨਹੀਂ ਕਹਿ ਸਕਦਾ। ਨਾ ਹੀ ਮੈਂ ਸਰਕਾਰ ਦਾ ਬੁਲਾਰਾ ਹਾਂ ਪਰ ਮੈਂ ਪ੍ਰਮਾਤਮਾ ਦੇ ਨਾਂ 'ਤੇ ਬੋਲ ਸਕਦਾ ਹਾਂ। ਇਹ ਪਾਪ ਅਤੇ ਮੁਕਤੀ ਦਾ ਸਥਾਨ ਹੈ। ਤਹਾਨੂੰ ਯਾਦ ਹੈ ਕਿ ਉਨ੍ਹਾਂ ਨੇ ਕੀ ਕੀਤਾ ਤੇ ਉਨ੍ਹਾਂ ਦੀਆਂ ਯਾਦਾਂ ਜ਼ਿੰਦਾ ਰਹਿਣਗੀਆਂ। ਇਥੇ ਹੋਏ ਅਪਰਾਧ ਤੇ ਉਸ ਦੇ ਪ੍ਰਭਾਵ ਨੂੰ ਲੈ ਕੇ ਮੈਂ ਬਹੁਤ ਦੁਖੀ ਤੇ ਸ਼ਰਮਿੰਦਾ ਹਾਂ। ਧਾਰਮਿਕ ਨੇਤਾ ਹੋਣ ਕਾਰਨ ਮੈਂ ਇਸ 'ਤੇ ਦੁੱਖ ਜ਼ਾਹਰ ਕਰਦਾ ਹਾਂ।
ਦੱਸ ਦਈਏ ਕਿ ਕੈਂਟਰੀਬਰੀ (ਇੰਗਲੈਂਡ) ਦੇ ਆਰਕ ਬਿਸ਼ਪ ਜਸਟਿਨ ਵੈਲਬੀ ਭਾਰਤ ਦੇ ਦੌਰੇ 'ਤੇ ਹਨ। ਇਸੇ ਦੌਰਾਨ ਹੀ ਉਹ ਅੰਮ੍ਰਿਤਸਰ ਪਹੁੰਚੇ।