ਅੰਮ੍ਰਿਤਸਰ ਜੇਲ ਬ੍ਰੇਕ ਮਾਮਲੇ ''ਚ ਮੁੱਖ ਮੰਤਰੀ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ
Sunday, Feb 02, 2020 - 06:36 PM (IST)

ਚੰਡੀਗੜ੍ਹ/ਅੰਮ੍ਰਿਤਸਰ : ਅੰਮ੍ਰਿਤਸਰ ਜੇਲ 'ਚੋਂ ਫਰਾਰ ਹੋਏ ਤਿੰਨ ਕੈਦੀਆਂ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਜਲੰਧਰ ਦੇ ਕਮਿਸ਼ਨਰ ਵਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੇਲ ਦੀ ਸੁਰੱਖਿਆ 'ਚ ਲੱਗੇ ਮੁਲਾਜ਼ਮਾਂ ਨੂੰ ਡਿਊਟੀ ਵਿਚ ਕੋਤਾਹੀ ਵਰਤਣ ਦੇ ਚੱਲਦੇ ਤੁਰੰਤ ਸਸਪੈਂਡ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਏ. ਡੀ. ਜੀ. ਪੀ. ਜੇਲ ਨੂੰ ਹੁਕਮ ਦਿੱਤੇ ਹਨ ਕਿ ਜੇਲਾਂ ਦੀ ਸੁਰੱਖਿਆ ਵਿਚ ਹੋਰ ਵੀ ਸੁਧਾਰ ਕੀਤਾ ਜਾਵੇ।
ਦੱਸਣਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਅੰਮ੍ਰਿਤਸਰ ਦੀ ਕੇਂਦਰੀ ਜੇਲ 'ਚੋਂ ਤਿੰਨ ਕੈਦੀ ਫਰਾਰ ਹੋ ਗਏ। ਇਨ੍ਹਾਂ ਕੈਦੀਆਂ ਨੇ ਪਹਿਲਾਂ ਬੈਰਕ ਦੀ ਕੰਧ ਤੋੜੀ ਅਤੇ ਰਜਾਈਆਂ ਦੇ ਗਲਾਫ ਨਾਲ ਲੱਟਕ ਕੇ ਮੁੱਖ ਦੀਵਾਰ ਨੂੰ ਪਾਰ ਕੀਤਾ। ਫਰਾਰ ਹੋਏ ਕੈਦੀਆਂ 'ਚੋਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਖਡੂਰ ਸਾਹਿਬ ਸਕੇ ਭਰਾ ਹਨ ਅਤੇ ਇਨ੍ਹਾਂ 'ਤੇ ਅੰਮ੍ਰਿਤਸਰ ਦੇ ਬੀ-ਡਵੀਜ਼ਨ ਥਾਣੇ ਵਿਚ ਲੁਟ ਖੋਹ ਦਾ ਕੇਸ ਦਰਜ ਹੈ। ਇਨ੍ਹਾਂ ਤੋਂ ਇਲਾਵਾ ਤੀਜਾ ਕੈਦੀ ਵਿਸ਼ਾਲ ਸ਼ਰਮਾ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਹੈ ਅਤੇ ਉਸ 'ਤੇ ਛੇਹਰਟਾ ਥਾਣੇ ਵਿਖੇ ਪੋਕਸੋ ਐਕਟ ਤਹਿਤ ਬਲਾਤਕਾਰ ਦਾ ਕੇਸ ਦਰਜ ਹੈ। ਫਿਲਹਾਲ ਪੁਲਸ ਵਲੋਂ ਫਰਾਰ ਕੈਦੀਆਂ ਦੀ ਗ੍ਰਿਫਤਾਰੀ ਲਈ ਨਾਕਾਬੰਦੀ ਕੀਤੀ ਹੋਈ ਹੈ ਅਤੇ ਭਾਲ ਕੀਤੀ ਜਾ ਰਹੀ ਹੈ।