ਫੌਜ ਦੀਆਂ ਇਨ੍ਹਾਂ ਮਹਿਲਾ ਜਵਾਨਾਂ ਸਦਕਾ ਬਚੀ ਗਰਭਵਤੀ ਦੀ ਜਾਨ, ਸੁਣ ਤੁਸੀਂ ਵੀ ਕਰੋਗੇ ਸਿਫਤਾਂ

12/29/2019 1:28:04 PM

ਅੰਮ੍ਰਿਤਸਰ (ਜਸ਼ਨ/ਦਲਜੀਤ) : ਭਾਰਤੀ ਫੌਜ ਦੇ ਕਦੇ ਵੀ ਆਫ ਡਿਊਟੀ ਨਾ ਰਹਿਣ ਵਾਲੇ ਜਜ਼ਬੇ ਨੂੰ ਅੱਗੇ ਵਧਾਉਂਦੇ ਹੋਏ ਦੋ ਨੌਜਵਾਨ ਮਹਿਲਾ ਨਰਸਿੰਗ ਆਫੀਸਰਜ਼ ਕੈਪਟਨ ਲਲਥਾ ਅਤੇ ਕੈਪਟਨ ਅਮਨਦੀਪ, ਜੋ ਕਿ ਮਿਲਟਰੀ ਹਸਪਤਾਲ ਤਿਬੜੀ ਕੈਂਪ ਗੁਰਦਾਸਪੁਰ 'ਚ ਤਾਇਨਾਤ ਹਨ, ਨੇ ਇਹ ਸਾਬਤ ਕਰ ਦਿੱਤਾ ਕਿ ਇਕ ਫੌਜੀ ਹਰੇਕ ਸਮੇਂ ਆਪਣੀ ਡਿਊਟੀ ਅਤੇ ਫਰਜ਼ ਪ੍ਰਤੀ ਸਮਰਪਿਤ ਰਹਿੰਦਾ ਹੈ। ਜਾਣਕਾਰੀ ਅਨੁਸਾਰ ਇਕ ਅਣਪਛਾਤੀ ਮਹਿਲਾ ਹਾਵੜਾ ਟਰੇਨ 'ਚ ਸਫਰ ਕਰ ਰਹੀ ਸੀ ਅਤੇ ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੋਨਾ ਕੌਰ ਅਤੇ ਇਕ ਹੋਰ ਯਾਤਰੀ ਲਖਵਿੰਦਰ ਸਿੰਘ ਗਿੱਲ ਵੀ ਸਫਰ ਕਰ ਰਹੇ ਸਨ। ਇਸ ਦੌਰਾਨ ਸ਼ਨੀਵਾਰ ਨੂੰ ਜਦੋਂ ਉਕਤ ਰੇਲਗੱਡੀ ਅੰਮ੍ਰਿਤਸਰ ਜਾ ਰਹੀ ਸੀ ਤਾਂ ਇਸ ਦੌਰਾਨ 2 ਨੌਜਵਾਨ ਮਹਿਲਾ ਨਰਸਿੰਗ ਆਫੀਸਰਜ਼ ਕੈਪਟਨ ਲੱਲਥਾ ਅਤੇ ਕੈਪਟਨ ਅਮਨਦੀਪ ਵੀ ਯਾਤਰਾ ਕਰ ਰਹੀਆਂ ਸੀ। ਉਕਤ ਦੋਨੋਂ ਮਹਿਲਾ ਆਫੀਸਰਜ਼ ਲਖਨਊ ਤੋਂ ਅੰਮ੍ਰਿਤਸਰ ਆ ਰਹੀਆਂ ਸਨ। ਇਸ ਦੌਰਾਨ ਹੀ ਇਕ ਹੋਰ ਮਹਿਲਾ ਯਾਤਰੀ 21 ਸਾਲ ਦੀ ਕੋਮਲ ਨਾਂ ਦੀ ਔਰਤ ਵੀ ਸਫਰ ਕਰ ਰਹੀ ਸੀ।

ਜਾਣਕਾਰੀ ਅਨੁਸਾਰ ਉਹ 8 ਮਹੀਨੇ ਦੀ ਗਰਭਵਤੀ ਸੀ, ਜਦੋਂ ਟਰੇਨ ਅੰਮ੍ਰਿਤਸਰ ਵੱਲ ਆ ਰਹੀ ਸੀ ਤਾਂ ਇਸ ਦੌਰਾਨ 21 ਸਾਲ ਦੀ ਕੋਮਲ ਨੂੰ ਅਚਾਨਕ ਪੀੜਾਂ ਸ਼ੁਰੂ ਹੋ ਗਈਆਂ ਅਤੇ ਉਹ ਦਰਦ ਨਾਲ ਤੜਫਨ ਅਤੇ ਚੀਖਣ ਲੱਗੀ। ਉਕਤ ਦਰਦ ਭਰੀਆਂ ਚੀਖਾਂ ਜਦੋਂ ਉਕਤ ਦੋਨੋਂ ਮਹਿਲਾ ਆਫੀਸਰਜ਼ ਨੇ ਸੁਣੀਆਂ ਤਾਂ ਤੁਰੰਤ ਹੀ ਉਕਤ ਮਹਿਲਾਵਾਂ ਇਲਾਜ ਲਈ ਦੌੜੀਆਂ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਮਲ ਹੁਣ ਸਿਰਫ 8 ਮਹੀਨੇ ਦੀ ਹੀ ਗਰਭਵਤੀ ਹੈ। ਅਜਿਹੇ ਸਮੇਂ 'ਚ ਜੱਚਾ ਬੱਚਾ ਦੋਨੋਂ ਦਾ ਹੀ ਰਿਸਕ ਹੁੰਦਾ ਹੈ ਅਤੇ ਇਥੇ ਰੇਲਗੱਡੀ 'ਚ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸੰਕਟਕਾਲੀਨ ਮੈਡੀਕਲ ਸਹੂਲਤ ਵੀ ਉਪਲੱਬਧ ਨਹੀਂ ਸੀ। ਇਸ ਦੇ ਬਾਵਜੂਦ ਆਪਣੇ ਫਰਜ਼ ਅਤੇ ਦੇਸ਼ ਪ੍ਰਤੀ ਜਜ਼ਬੇ ਦੀ ਕਦਰ ਕਰ ਕੇ ਉਕਤ ਦੋਨੋਂ ਮਹਿਲਾ ਆਫੀਸਰਜ਼ ਨੇ ਕੋਮਲ ਨਾਂ ਦੀ ਔਰਤ ਦੀ ਡਲਿਵਰੀ ਕੀਤੀ ਤਾਂ ਸਾਰੇ ਯਾਤਰੀਆਂ ਦੇ ਮੂੰਹ 'ਚੋਂ ਉਕਤ ਆਫੀਸਰਜ਼ ਲਈ ਦੁਆਵਾਂ ਨਿਕਲ ਰਹੀਆਂ ਸਨ। ਮਹਿਲਾ ਆਫੀਸਰਜ਼ ਨੇ ਨਾ ਸਿਰਫ ਕੋਮਲ ਦੇ ਡਰ ਨੂੰ ਭਜਾਇਆ, ਸਗੋਂ ਘੱਟ ਸਮੇਂ 'ਚ ਡਲਿਵਰੀ ਕਰ ਕੇ ਨਵਜੰਮੀ ਬੱਚੀ ਦੀ ਜਾਨ ਵੀ ਬਚਾਈ। ਇਹ ਨੌਜਵਾਨ ਮਹਿਲਾ ਫੌਜੀ ਆਫੀਸਰਜ਼ ਨੇ ਭਾਰਤੀ ਫੌਜ ਦੇ ਮਾਣ-ਸਨਮਾਨ ਅਤੇ ਫਰਜ਼ ਨੂੰ ਹੋਰ ਵਧਾਇਆ ਹੈ।
 


Baljeet Kaur

Content Editor

Related News