ਸ੍ਰੀ ਗੁਰੂ ਰਾਮਦਾਸ ਲੰਗਰ ਲਈ ਦੇਸੀ ਘਿਉ ਦੀ ਸਪਲਾਈ 'ਚ ਲੱਖਾਂ ਦਾ ਘਪਲਾ : ਮੰਨਾ

Saturday, Nov 23, 2019 - 11:59 AM (IST)

ਸ੍ਰੀ ਗੁਰੂ ਰਾਮਦਾਸ ਲੰਗਰ ਲਈ ਦੇਸੀ ਘਿਉ ਦੀ ਸਪਲਾਈ 'ਚ ਲੱਖਾਂ ਦਾ ਘਪਲਾ : ਮੰਨਾ

ਅੰਮ੍ਰਿਤਸਰ (ਮਮਤਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰ੍ਰੀ ਗੁਰੂ ਰਾਮਦਾਸ ਲੰਗਰ ਲਈ ਸਪਲਾਈ ਹੋਣ ਵਾਲੇ ਦੇਸੀ ਘਿਉ ਦੇ ਟੀਨਾਂ 'ਚ ਲੱਖਾਂ ਦੇ ਘਪਲੇ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਨਾ ਨੇ ਕਿਹਾ ਕਿ ਜਦੋਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਸਾਹਮਣੇ ਆਇਆ ਤਾਂ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇਸ ਸਾਰੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਦੇ ਇਕ ਖਾਸਮਖਾਸ ਅਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਦਾ ਹੱਥ ਹੋਣ ਦੀ ਚਰਚਾ ਹੈ।

ਮਨਦੀਪ ਮੰਨਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਕੱਤਰ ਡਾ. ਰੂਪ ਸਿੰਘ, ਪ੍ਰਧਾਨ ਲੌਂਗੋਵਾਲ ਦੇ ਨਿੱਜੀ ਸਹਾਇਕ ਦਰਸ਼ਨ ਸਿੰਘ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ 'ਚ ਲਿਆ ਚੁੱਕੇ ਹਨ। ਸੁਖਜਿੰਦਰ ਰੰਧਾਵਾ ਨੇ ਤਾਂ ਉਨ੍ਹਾਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਕੋਆਪ੍ਰੇਟਿਵ ਸੰਸਥਾ ਦੇ ਅਧਿਕਾਰੀਆਂ ਖਿਲਾਫ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨਗੇ।

ਮੰਨਾ ਨੇ ਇਸ ਗੰਭੀਰ ਮੁੱਦੇ 'ਤੇ ਇਕ ਵੀਡੀਓ ਵੀ ਜਾਰੀ ਕਰਦਿਆਂ ਖੁਲਾਸਾ ਕੀਤਾ ਕਿ ਮਾਰਚ 2018 'ਚ ਸ਼੍ਰੋਮਣੀ ਕਮੇਟੀ ਨੇ 20 ਹਜ਼ਾਰ ਕੁਇੰਟਲ ਦੇਸੀ ਘਿਉ ਖਰੀਦਣ ਲਈ ਟੈਂਡਰ ਜਾਰੀ ਕੀਤਾ ਸੀ, ਜਿਸ ਦੀ ਸਪਲਾਈ ਲਈ ਇਕ ਸਹਿਕਾਰੀ ਸਭਾ ਨੇ 80 ਕਰੋੜ ਰੁਪਏ ਦਾ ਟੈਂਡਰ ਭਰ ਦਿੱਤਾ, ਜਦਕਿ ਕੁਝ ਹੋਰ ਕੰਪਨੀਆਂ ਨੇ ਸਹਿਕਾਰੀ ਸਭਾ ਦੇ ਰੇਟ ਤੋਂ ਵੀ ਬਹੁਤ ਹੀ ਘੱਟ ਰੇਟ 'ਤੇ ਦੇਸੀ ਘਿਉ ਸਪਲਾਈ ਕਰਨ ਦਾ ਰੇਟ ਦਿੱਤਾ ਪਰ ਸ਼੍ਰੋਮਣੀ ਕਮੇਟੀ ਦਾ ਇਕ ਉਪ ਪ੍ਰਧਾਨ ਸਹਿਕਾਰੀ ਸਭਾ ਨੂੰ ਟੈਂਡਰ ਦੇਣ 'ਤੇ ਅੜ ਗਿਆ। ਜਦੋਂ ਇਸ ਦਾ ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਗੁਰਬਚਨ ਸਿੰਘ ਕਰਮੂਵਾਲ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਸਹਿਕਾਰੀ ਸਭਾ ਨੂੰ ਹੀ ਟੈਂਡਰ ਦਿਵਾਉਣ ਲਈ ਪਹਿਲਾ ਟੈਂਡਰ ਰੱਦ ਕਰ ਦਿੱਤਾ ਅਤੇ ਦੁਬਾਰਾ ਨਵੀਆਂ ਸ਼ਰਤਾਂ ਰੱਖ ਕੇ ਨਵਾਂ ਟੈਂਡਰ ਜਾਰੀ ਕਰ ਦਿੱਤਾ, ਜਿਸ ਵਿਚ ਸਿਰਫ ਸਹਿਕਾਰੀ ਸਭਾ ਹੀ ਸ਼ਰਤਾਂ ਪੂਰੀਆਂ ਕਰਦੀ ਸੀ। ਉਸੇ ਟੈਂਡਰ ਦਾ ਬਾਅਦ 'ਚ ਇਹੀ ਸਹਿਕਾਰੀ ਸਭਾ 80 ਕਰੋੜ ਵਾਲਾ ਟੈਂਡਰ 72 ਕਰੋੜ ਵਿਚ ਦੇਣ ਨੂੰ ਤਿਆਰ ਹੋ ਗਈ।

ਹੁਣ ਕੁਝ ਦਿਨ ਪਹਿਲਾਂ ਜਦੋਂ ਮਾਮਲਾ ਸਾਹਮਣੇ ਆਇਆ ਕਿ ਸਹਿਕਾਰੀ ਸਭਾ ਵੱਲੋਂ ਘਿਉ ਸਪਲਾਈ ਵਾਲੇ ਟੀਨਾਂ 'ਚ ਘਿਉ ਦੀ ਮਾਤਰਾ ਘੱਟ ਆ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿੰਗ ਅਤੇ ਲੰਗਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਚੈਕਿੰਗ ਕੀਤੀ ਤਾਂ ਟੀਨਾਂ 'ਚ ਘਿਉ ਨਿਰਧਾਰਿਤ ਮਾਤਰਾ ਤੋਂ ਘੱਟ ਮਿਲਿਆ। ਇਸ ਦੀ ਰਿਪੋਰਟ ਵੀ ਤਿਆਰ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ, ਸਗੋਂ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦੇ ਚੜ੍ਹਾਵੇ ਅਤੇ ਗੁਰੂ ਕੀ ਗੋਲਕ ਦੀ ਹੋ ਰਹੀ ਲੁੱਟ ਨੂੰ ਸਿੱਖ ਸੰਗਤ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰੇਗੀ ਤੇ ਇਸ ਖਿਲਾਫ ਉਨ੍ਹਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ।

ਘੱਟ ਵਜ਼ਨ ਵਾਲੇ ਟੀਨਾਂ ਲਈ ਮਾਰਕਫੈੱਡ ਨੂੰ ਕੱਢਿਆ ਨੋਟਿਸ : ਮੈਨੇਜਰ ਸ੍ਰੀ ਦਰਬਾਰ ਸਾਹਿਬ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰ੍ਰੀ ਗੁਰੂ ਰਾਮਦਾਸ ਲੰਗਰ ਲਈ ਸਪਲਾਈ ਹੋਣ ਵਾਲੇ ਦੇਸੀ ਘਿਉ ਦੇ ਟੀਨਾਂ 'ਚ ਲੱਖਾਂ ਦੇ ਘਪਲੇ ਦੇ ਲਾਏ ਦੋਸ਼ਾਂ ਸਬੰਧੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਾ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

ਉਨ੍ਹਾਂ ਕਿਹਾ ਕਿ ਲੰਗਰ ਹਾਲ ਲਈ ਜੋ ਵੀ ਖਰੀਦ ਕੀਤੀ ਜਾਂਦੀ ਹੈ, ਉਸ ਦੀ ਪੂਰੀ ਜਾਂਚ ਉਪਰੰਤ ਹੀ ਭੁਗਤਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਘਿਉ ਦੇ 600 ਟੀਨਾ 'ਚੋਂ ਜਾਂਚ ਦੌਰਾਨ 38 ਟੀਨਾਂ ਦਾ ਵਜ਼ਨ 40 ਕਿਲੋ ਘੱਟ ਨਿਕਲਿਆ, ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਵੇਰਕਾ ਮਾਰਕਫੈੱਡ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਗਈ। ਇਹ ਵੀ ਕਿਹਾ ਗਿਆ ਕਿ ਭਵਿੱਖ 'ਚ ਜੇਕਰ ਇਸ ਤਰ੍ਹਾਂ ਦੀ ਗਲਤੀ ਦੁਹਰਾਈ ਗਈ ਤਾਂ ਜੁਰਮਾਨੇ ਦੇ ਨਾਲ-ਨਾਲ ਉਨ੍ਹਾਂ ਦਾ ਟੈਂਡਰ ਵੀ ਰੱਦ ਕੀਤਾ ਜਾਵੇਗਾ। ਦੀਨਪੁਰ ਨੇ ਕਿਹਾ ਕਿ ਘਿਉ ਦੇ ਟੀਨਾਂ ਦਾ ਜਿੰਨਾ ਵਜ਼ਨ ਘੱਟ ਨਿਕਲਿਆ ਹੈ, ਉਸ ਦਾ ਭੁਗਤਾਨ ਵੀ ਉਸੇ ਹੀ ਹਿਸਾਬ ਨਾਲ ਕੀਤਾ ਗਿਆ ਹੈ।


author

Baljeet Kaur

Content Editor

Related News