ਅੰਮ੍ਰਿਤਸਰ ਦੇ ਐੱਮ.ਪੀ. ਗੁਰਜੀਤ ਸਿੰਘ ਔਜਲਾ ਪਾਕਿ ਰਵਾਨਾ (ਵੀਡੀਓ)
Tuesday, Nov 27, 2018 - 05:09 PM (IST)
ਅੰਮ੍ਰਿਤਸਰ (ਸੁਮਿਤ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ ਬਣਾਉਣ ਲਈ ਪਾਕਿ ਅਤੇ ਭਾਰਤ ਦੀਆਂ ਸਰਕਾਰਾਂ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਬੀਤੇ ਦਿਨੀਂ ਭਾਰਤ ਸਰਕਾਰ ਵਲੋਂ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਅਤੇ 28 ਨਵੰਬਰ ਨੂੰ ਪਾਕਿ ਦੀ ਸਰਕਾਰ ਵਲੋਂ ਵੀ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਇਸ ਸਮਾਗਮ 'ਚ ਸ਼ਾਮਲ ਹੋਣ ਲਈ ਭਾਰਤ ਦੇ ਬਹੁਤ ਸਾਰੇ ਆਗੂ ਪਾਕਿ ਜਾ ਰਹੇ ਹਨ, ਉੱਥੇ ਹੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਤੋਂ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਮੰਗਲਵਾਰ ਨੂੰ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 'ਹਰਿ ਕੀ ਪਾਉੜੀ' ਦਾ ਪਵਿੱਤਰ ਜਲ ਆਪਣੇ ਨਾਲ ਪਾਕਿ ਲੈ ਕੇ ਜਾਣ ਦਾ ਫੈਸਲਾ ਕੀਤਾ, ਜਿਸ ਦਾ ਛਿੜਕਾਅ ਉਨ੍ਹਾਂ ਨੇ ਉਥੇ ਜਾ ਕੇ ਕਰਨ ਦੀ ਗੱਲ ਕਹੀ।

ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਉੱਥੇ ਜਾ ਰਿਹਾ ਹਾਂ। ਮੇਰੇ ਤੋਂ ਇਲਾਵਾ ਨਵਜੋਤ ਸਿੰਘ ਅਤੇ ਹੋਰ ਪਾਰਟੀਆਂ ਦੇ ਆਗੂ ਵੀ ਉੱਥੇ ਜਾ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ 26 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਹੁਣ ਪਾਕਿ ਦੀ ਸਰਕਾਰ ਵੀ ਨੀਂਹ ਪੱਥਰ ਰੱਖ ਰਹੀ ਹੈ।
