ਜ਼ੰਜੀਰਾਂ ’ਚ ਜਕੜੀ ਕੁੜੀ ਨੂੰ ਨਸ਼ਾ ਪਹੁੰਚਾਉਣ ਲਈ ਸਮੱਗਲਰਾਂ ਨੇ ਲਿਆ ਬੱਚੇ ਦਾ ਸਹਾਰਾ

09/04/2019 10:23:24 AM

ਅੰਮ੍ਰਿਤਸਰ (ਸਫਰ) - ਰਣਜੀਤ ਐਵੀਨਿਊ ਦੀ ਹਾਊਸਿੰਗ ਬੋਰਡ ਕਾਲੋਨੀ ’ਚ ਜ਼ੰਜੀਰਾਂ ’ਚ ਜਕੜੀ ਕੁੜੀ ਦਾ ਚਾਹੇ ਪੰਜਾਬ ਸਰਕਾਰ ਘਰ ਵਿਚ ਹੀ ਨਸ਼ਾ ਛੁਡਾਉਣ ਦਾ ਇਲਾਜ ਕਰ ਰਹੀ ਹੈ ਪਰ ਇਲਾਕੇ ’ਚ ਨਸ਼ਾ ਵੇਚਣ ਵਾਲੇ ਕਦੇ ਵੀ ਇਸ ਕੁੜੀ ਨੂੰ ਨਸ਼ੇ ਦੀਆਂ ਜ਼ੰਜੀਰਾਂ ਤੋਂ ਆਜ਼ਾਦੀ ਦਿਵਾਉਣਾ ਨਹੀਂ ਚਾਹੁੰਦੇ। ਇਹੀ ਵਜ੍ਹਾ ਹੈ ਕਿ ਮੰਗਲਵਾਰ ਦੇਰ ਸ਼ਾਮ ਨਸ਼ਾ ਵੇਚਣ ਵਾਲੇ ‘ਗੁੱਲੀ’ ਨਾਂ ਦੇ ਸਮੱਗਲਰ ਨੇ ਔਰਤ ਤੱਕ ਨਸ਼ੇ ਦੀ ‘ਪੁੜੀ’ ਪਹੁੰਚਾਉਣ ਲਈ ਗੁਆਂਢ ਦੇ 12 ਸਾਲਾ ਬੱਚੇ ਦਾ ਸਹਾਰਾ ਲਿਆ।

ਨਸ਼ਾ ਸਮੱਗਲਰ ਨੇ ਬੱਚੇ ਨੂੰ ਲਾਲਚ ਦੇ ਕੇ ਕੁੜੀ ਦੇ ਘਰ ਭੇਜਿਆ ਤੇ ਉਸ ਨੂੰ ਨਸ਼ੇ ਦੀ ਪੁੜੀ ਦੇਣ ਲਈ ਕਿਹਾ। ਹਾਲਾਂਕਿ ਬੱਚੇ ਨੂੰ ਨਸ਼ੇ ਦੀ ਪੁੜੀ ਬਾਰੇ ਪਤਾ ਨਹੀਂ ਸੀ, ਜਿਵੇਂ ਹੀ ਬੱਚੇ ਨੇ ਕੁੜੀ  ਨੂੰ ਨਸ਼ੇ ਦੀ ਪੁੜੀ ਦਿੱਤੀ ਤਾਂ ਕੁੜੀ ਦੀ ਮਾਂ ਨੇ ਬੱਚੇ ਨੂੰ ਫੜ ਲਿਆ। ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੀ ਕੋਈ ਗਲਤੀ ਨਹੀਂ ਹੈ, ਉਸ ਨੂੰ ਨਹੀਂ ਪਤਾ ਸੀ ਕਿ ਉਹ ਕੀ ਚੀਜ਼ ਦੇ ਕੇ ਆਇਆ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਵਿਚ ਨਸ਼ਾ ਬੱਚੇ ਦੇ ਹੱਥ ਭੇਜਣ ਵਾਲੇ ‘ਗੁੱਲੀ’ ਨਾਂ ਦੇ ਨੌਜਵਾਨ ਦੀ ਸ਼ਿਕਾਇਤ ਫੈਜ਼ਪੁਰਾ ਪੁਲਸ ਚੌਕੀ ’ਚ ਕੀਤੀ ਤਾਂ ਉਥੇ ਮੌਜੂਦ ਏ. ਐੱਸ. ਆਈ. ਕੰਵਲਜੀਤ ਸਿੰਘ ਨੇ ਕਿਹਾ ਕਿ ਇਹ ਇਲਾਕਾ ਉਨ੍ਹਾਂ ਦੇ ਅਧੀਨ ਨਹੀਂ ਆਉਂਦਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ‘ਗੁੱਲੀ’ ਨਾਂ ਦਾ ਸਮੱਗਲਰ ਜਿਸ ਨੇ ਨਸ਼ਾ ਭਿਜਵਾਇਆ, ਪੁਲਸ ਨੂੰ ਲੋੜੀਂਦਾ ਹੈ ਤਾਂ ਪੁਲਸ ਬੋਲੀ ‘ਫਿਰ ਤੁਸੀਂ ਹੀ ਫੜ ਕੇ ਦੇ ਦਿਓ।’

ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਵਿਚ ਡੀ. ਜੀ. ਪੀ. ਤੇ ਸੀ. ਐੱਮ. ਤੋਂ ਮਦਦ ਮੰਗੀ ਹੈ। ਉਧਰ, ਇਲਾਕੇ ਵਿਚ ਨਸ਼ਾ ਸਮੱਗਲਰਾਂ ਦੀ ਇੰਨੀ ਦਹਿਸ਼ਤ ਹੈ ਕਿ ਪਿਛਲੇ ਦਿਨੀਂ ਜੋ 3 ਲੋਕ ਨਸ਼ਾ ਵੇਚਣ ਵਾਲਿਆਂ ਦੇ ਨਾਂ ਅਤੇ ਪਤੇ ਦੀ ਲਿਸਟ ਪੁਲਸ ਤੇ ਇਲਾਕੇ ਦੇ ਵਿਧਾਇਕ ਨੂੰ ਸੌਂਪਣ ਤੋਂ ਬਾਅਦ ਟੁੱਟੀਆਂ ਹੱਡੀਆਂ ਨਾਲ ਸਿਵਲ ਹਸਪਤਾਲ ਪੁੱਜੇ ਸਨ, ਉਸ ਤੋਂ ਬਾਅਦ ਹਿੰਮਤ ਹੈ ਕਿ ਇਲਾਕੇ ਵਿਚ ਕੋਈ ਨਸ਼ਾ ਸਮੱਗਲਰਾਂ ਖਿਲਾਫ ਆਵਾਜ਼ ਵੀ ਉਠਾ ਸਕੇ।

ਜ਼ੰਜੀਰਾਂ ’ਚ ਬੱਝੀ ਕੁੜੀ ਨੂੰ ਮੌਤ ਦੀ ਨੀਂਦ ਸੁਆਉਣ ਦੀ ਸਾਜ਼ਿਸ਼ ਰਚ ਰਹੇ ਹਨ ਸਮੱਗਲਰ : ਪਰਿਵਾਰ ਵਾਲੇ
‘ਜਗ ਬਾਣੀ’ ਨੇ ਇਸ ਮਾਮਲੇ ’ਚ ਜ਼ੰਜੀਰਾਂ ਨਾਲ ਬੱਝੀ ਔਰਤ ਦੇ ਪਰਿਵਾਰ ਵਾਲਿਆਂ ਤੋਂ ਜਾਣਨਾ ਚਾਹਿਆ ਕਿ ਆਖਿਰ ਕੋਈ ਨਸ਼ਾ ਸਮੱਗਲਰ ਕੁੜੀ ਤੱਕ ਨਸ਼ਾ ਕਿਉਂ ਪਹੁੰਚਾਏਗਾ? ਉਸ ਦੇ ਲਈ ਪੈਸੇ ਕੌਣ ਦੇ ਰਿਹਾ ਹੈ, ਜਿਸ ’ਤੇ ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਨਸ਼ਾ ਸਮੱਗਲਰ ਇਹ ਨਹੀਂ ਚਾਹੁੰਦੇ ਕਿ ਕੁੜੀ ਨਸ਼ੇ ਤੋਂ ਆਜ਼ਾਦ ਹੋ ਜਾਵੇ ਕਿਉਂਕਿ ਉਸ ਨੇ ਪੁਲਸ ਅਤੇ ਮੀਡੀਆ ਨੂੰ ਬਿਆਨ ਦਿੱਤਾ ਹੈ ਕਿ ਨਸ਼ਾ ਛੱਡਣ ਤੋਂ ਬਾਅਦ ਉਹ ਨਸ਼ਾ ਵੇਚਣ ਵਾਲਿਆਂ ਖਿਲਾਫ ਸਬੂਤਾਂ ਦੇ ਆਧਾਰ ’ਤੇ ਜੇਲ ਭਿਜਵਾਏਗੀ। ਸਾਰੇ ਸਬੂਤ ਉਸ ਦੇ ਕੋਲ ਹਨ। ਇਸ ਗੱਲ ਦਾ ਖੌਫ ਖਾਂਦਿਆਂ ਨਸ਼ਾ ਸਮੱਗਲਰ ਉਸ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮੌਤ ਦੀ ਨੀਂਦ ਸੁਆਉਣ ਦੀ ਸਾਜ਼ਿਸ਼ ਰਚ ਰਹੇ ਹਨ। ਜੋ ਬੱਚਾ ਪੁੜੀ ਦੇਣ ਆਇਆ ਸੀ, ਉਹ ਗੁਆਂਢ ਦਾ ਹੈ, ਉਸ ਦਾ ਕਸੂਰ ਨਹੀਂ ਹੈ, ਉਸ ਨੂੰ ਤਾਂ ਨਸ਼ੇ ਦੀ ਪੁੜੀ ਬਾਰੇ ਪਤਾ ਵੀ ਨਹੀਂ ਸੀ।


Baljeet Kaur

Content Editor

Related News