ਦੁਬਈ ਗਏ ਜਵਾਨ ਪੁੱਤ ਦੀ 2 ਦਿਨ ਬਾਅਦ ਹੋਈ ਮੌਤ, ਅੱਜ ਪੰਜਾਬ ਪੁੱਜੀ ਲਾਸ਼
Wednesday, Oct 02, 2019 - 04:40 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਰੋਜ਼ੀ-ਰੋਟੀ ਕਮਾਉਣ ਤੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 44 ਸਾਲਾ ਪ੍ਰਤਾਪ ਸਿੰਘ ਪੁੱਤਰ ਅਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਅੰਮ੍ਰਿਤਸਰ ਜ਼ਿਲੇ ਦੇ ਕਸਬਾ ਮਹਿਤਾ ਨੇੜਲੇ ਪਿੰਡ ਮਲਕਨੰਗਲ ਨਾਲ ਸੰਬੰਧਿਤ ਮ੍ਰਿਤਕ ਪ੍ਰਤਾਪ ਸਿੰਘ ਬੀਤੀ 27 ਸਤੰਬਰ ਨੂੰ ਹੀ ਪਹਿਲੀ ਵਾਰ ਦੁਬਈ ਗਿਆ ਸੀ ਕਿ ਅਗਲੇ ਹੀ ਦਿਨ ਸਵੇਰੇ ਭਾਵ 28 ਸਤੰਬਰ ਨੂੰ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪ੍ਰਤਾਪ ਸਿੰਘ ਦੇ ਦੁਬਈ 'ਚ ਰਹਿੰਦੇ ਚਚੇਰੇ ਭਰਾ ਤੇ ਹੋਰਨਾਂ ਸਾਥੀਆਂ ਨੇ ਉਸ ਦੇ ਪਰਿਵਾਰ ਦੀ ਪਤਲੀ ਆਰਥਿਕ ਹਾਲਤ ਤੇ ਬੇਵਸੀ ਦਾ ਹਵਾਲਾ ਦਿੰਦਿਆਂ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ।
ਹਵਾਈ ਅੱਡੇ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਬਲਦੀਪ ਸਿੰਘ ਚਾਹਲ, ਹਰਜਿੰਦਰ ਸਿੰਘ ਹੇਰ ਤੇ ਸਿਸ਼ਪਾਲ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਿਅਕਤੀ ਸਮੇਤ ਟਰੱਸਟ ਵਲੋਂ ਹੁਣ ਤੱਕ 130 ਬਦਨਸੀਬਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋਂ ਇਲਾਵਾ ਓਬਰਾਏ ਦੇ ਨਿੱਜੀ ਸਹਾਇਕ ਅਮੀਰ ਸੁਲਤਾਨ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਦੇ ਪੁੱਤਰ ਜਸਕਰਨਦੀਪ ਸਿੰਘ ਤੋਂ ਇਲਾਵਾ ਮ੍ਰਿਤਕ ਦੇ ਭਰਾ ਪਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਮਨਜੋਤ ਸਿੰਘ, ਸੁਰਿੰਦਰਪਾਲ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ. ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜ਼ਿੰਦਗੀ ਰਿਣੀ ਰਹੇਗਾ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਪ੍ਰਤਾਪ ਸਿੰਘ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਵਿਖੇ ਹੋਣੀਆਂ ਸੰਭਵ ਹੋ ਸਕੀਆਂ ਹਨ।