ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲਾ : ਅਨਵਰ ਮਸੀਹ ਦੀ ਖਰੜ ਸਥਿਤ ਕੋਠੀ ''ਚ ਪੁਲਸ ਦੀ ਰੇਡ
Sunday, Feb 02, 2020 - 06:36 PM (IST)

ਖਰੜ (ਅਮਰਦੀਪ) : ਵਿਸ਼ੇਸ਼ ਟਾਸਕ ਫੋਰਸ ਵਲੋਂ ਅੰਮ੍ਰਿਤਸਰ ਵਿਖੇ ਅਕਾਲੀ ਆਗੂ ਅਤੇ ਸੁਬਾਰਡੀਨੇਟਰ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੂੰ ਉਨ੍ਹਾਂ ਦੀ ਕਿਰਾਏ ਉਪਰ ਦਿੱਤੀ ਕੋਠੀ ਵਿਚ ਹੈਰੋਈਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕਰਨ ਸਬੰਧੀ ਜੋ ਹਿਰਾਸਤ ਵਿਚ ਲਿਆ ਹੈ ਤਾਂ ਅੱਜ ਉਕਤ ਆਗੂ ਦੇ ਖਰੜ ਸਥਿਤ ਮਕਾਨ ਵਿਚ ਵੀ ਵਿਸ਼ੇਸ਼ ਟਾਸਕ ਫੋਰਸ ਟੀਮ ਨੇ ਛਾਪਾ ਮਾਰਕੇ ਉਥੇ ਖੜ੍ਹੀ ਉਸ ਦੀ ਫਾਰਚੂਨਰ ਗੱਡੀ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਭਾਵੇਂ ਪੁਲਸ ਅਤੇ ਟਾਸਕ ਫੋਰਸ ਨੇ ਮੀਡੀਆ ਤੋਂ ਗੁਪਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਪਰ ਮੀਡੀਆ ਨੂੰ ਪਤਾ ਲੱਗਣ 'ਤੇ ਸਮੂਹ ਮੀਡੀਆ ਉਥੇ ਪੁੱਜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਸਥਿਤ ਮਕਾਨ ਵਿਚ ਅਨਵਰ ਮਸੀਹ ਆਪਣੀ ਪਤਨੀ ਨਾਲ ਕਦੇ-ਕਦੇ ਰਹਿਣ ਆਉਂਦਾ ਸੀ। ਉਕਤ ਮਕਾਨ ਖਰੜ ਦੇ ਵਸਨੀਕ ਜ਼ਮਾਲ ਮਸੀਹ ਦੇ ਸਵਰਗੀ ਭਾਈ ਇਮਾਨੁਇਲ ਮਸੀਹ ਦਾ ਹੈ ਅਤੇ ਇਸ ਮਕਾਨ ਵਿਚ ਪਹਿਲਾਂ ਇਮਾਨੁਇਲ ਮਸੀਹ ਦੀ ਲੜਕੀ ਰਹਿੰਦੀ ਸੀ ਜੋ ਕਿ ਹੁਣ ਵਿਦੇਸ਼ ਚਲੀ ਗਈ ਹੈ।
ਲੜਕੀ ਦੇ ਬਾਹਰ ਜਾਣ ਤੋਂ ਬਾਅਦ ਉਕਤ ਮਕਾਨ ਜ਼ਮਾਲ ਮਸੀਹ ਵਲੋਂ ਅਨਵਰ ਮਸੀਹ ਨੂੰ ਦੇ ਦਿੱਤਾ ਸੀ ਜਦਕਿ ਇਹ ਜਾਇਦਾਦ ਕ੍ਰਿਸ਼ਚਨ ਸਕੂਲ ਦੀ ਹੈ। ਪੁਲਸ ਪਾਰਟੀ ਨੇ ਮਕਾਨ ਨੂੰ ਤਾਲਾ ਲੱਗੇ ਹੋਣ ਤੇ ਅੰਦਰ ਕੋਈ ਕਾਰਵਾਈ ਨਹੀਂ ਕੀਤੀ ਅਤੇ ਬਾਹਰ ਵਿਹੜੇ ਵਿਚ ਖੜ੍ਹੀ ਗੱਡੀ ਫਾਰਚੂਨਰ ਗੱਡੀ ਨੂੰ ਕਬਜ਼ੇ ਵਿੱਚ ਲਿਆ ਹੈ।