2 ਸਾਲ ਬਾਅਦ ਵੀ 33 ਕਿਲੋ ਸੋਨੇ ਦਾ ਕੇਸ ਖਤਮ ਨਹੀਂ ਕਰ ਸਕਿਆ ਕਸਟਮ ਵਿਭਾਗ
Friday, Dec 25, 2020 - 04:57 PM (IST)
ਅੰਮਿ੍ਰਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ ’ਤੇ 2 ਸਾਲ ਪਹਿਲਾਂ ਸੇਬ ਦੀਆਂ ਪੇਟੀਆਂ ’ਚ ਸੋਨੇ ਦੀ ਖੇਪ ਲੁਕਾ ਕੇ ਸਮੱਗਲਿੰਗ ਕਰਨ ਦੀ ਪਹਿਲੀ ਹੀ ਕੋਸ਼ਿਸ਼ ਕਸਟਮ ਵਿਭਾਗ ਨੇ ਅਸਫਲ ਤਾਂ ਕਰ ਦਿੱਤੀ ਅਤੇ ਅਫਗਾਨੀ ਸੇਬ ਦੀਆਂ ਪੇਟੀਆਂ ’ਚੋਂ 33 ਕਿਲੋ ਸੋਨਾ ਵੀ ਜ਼ਬਤ ਕਰ ਲਿਆ ਪਰ ਅਜੇ ਤਕ ਕਸਟਮ ਵਿਭਾਗ ਇਸ ਕੇਸ ਨੂੰ ਖਤਮ ਨਹੀਂ ਕਰ ਸਕਿਆ ਹੈ। ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਕਸਟਮ ਵਿਭਾਗ ਦੇ 50 ਸਾਲ ਤੋਂ ਵੀ ਜ਼ਿਆਦਾ ਦੇ ਪੁਰਾਣੇ ਇਤਿਹਾਸ ਵਿਚ ਇਹ ਕੇਸ ਆਪਣੀ ਤਰ੍ਹਾਂ ਦਾ ਪਹਿਲਾ ਕੇਸ ਸੀ, ਜਿਸ ਵਿਚ ਸੇਬ ਦੀਆਂ ਪੇਟੀਆਂ ਵਿਚੋਂ ਸੋਨੇ ਦੀ ਖੇਪ ਫਡ਼ੀ ਗਈ ਪਰ ਅਜੇ ਤਕ ਇਹ ਕੇਸ ਸੋਨਾ ਜ਼ਬਤ ਕਰਨ ਤਕ ਹੀ ਸੀਮਿਤ ਹੈ ਅਤੇ ਇਸਦੇ ਮਾਸਟਰਮਾਈਂਡ ਅਤੇ ਦੁਬਈ ਵਿਚ ਬੈਠੇ ਆਕਾਵਾਂ ਦਾ ਅਤਾ-ਪਤਾ ਨਹੀਂ ਚੱਲ ਸਕਿਆ ਹੈ।
ਇਹ ਵੀ ਪੜ੍ਹੋ : ਹੈਵਾਨੀਅਤ : ਬਠਿੰਡਾ ’ਚ 4 ਸਾਲਾ ਬੱਚੀ ਨਾਲ ਦੋ ਵਿਅਕਤੀਆਂ ਨੇ ਕੀਤਾ ਜਬਰ-ਜ਼ਿਨਾਹ
ਕੇਸ ਦਾ ਪ੍ਰਮੁੱਖ ਸਰਗਨਾ ਰਾਮਨਿਵਾਸ ਮੁਹਰ ਕਾਨੂੰਨੀ ਕਮਜ਼ੋਰੀਆਂ ਦਾ ਫ਼ਾਇਦਾ ਚੁੱਕ ਕੇ ਰੂਪੋਸ਼ ਹੋ ਚੁੱਕਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਦੁਬਈ ਭੱਜ ਚੁੱਕਾ ਹੈ । ਆਈ. ਸੀ. ਪੀ. ਅਟਾਰੀ ਬਾਰਡਰ ’ਤੇ 33 ਕਿਲੋ ਸੋਨਾ ਜ਼ਬਤ ਕੀਤੇ ਜਾਣ ਦੇ ਇਸ ਕੇਸ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਆਮ ਤੌਰ ’ਤੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰ ਦੁਬਈ, ਕੁਵੈਤ ਅਤੇ ਹੋਰ ਅਰਬ ਦੇਸ਼ਾਂ ਤੋਂ ਸੋਨੇ ਦੀ ਖੇਪ ਨੂੰ ਹਵਾਈ ਜਹਾਜ਼ ਦੇ ਰਸਤੇ ਭਾਰਤ ’ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਭਾਵੇਂ ਅੰਮਿ੍ਰਤਸਰ ਦਾ ਐੱਸ. ਜੀ. ਆਰ. ਡੀ. ਏਅਰਪੋਰਟ ਹੋਵੇ ਜਾਂ ਚੰਡੀਗਡ਼੍ਹ ਏਅਰਪੋਰਟ ਜਾਂ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਅਰਬ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਮੁਸਾਫ਼ਰਾਂ ਦੀ ਕਸਟਮ ਵਿਭਾਗ ਅਤੇ ਡੀ. ਆਰ. ਆਈ. ਦੀ ਟੀਮ ਵੱਲੋਂ ਸਖ਼ਤ ਚੈਕਿੰਗ ਕੀਤੇ ਜਾਣ ਤੋਂ ਬਾਅਦ ਹੁਣ ਤਕ ਅਣਗਿਣਤ ਕਿਲੋ ਸੋਨਾ ਜ਼ਬਤ ਕੀਤਾ ਜਾ ਚੁੱਕਿਆ ਹੈ, ਜਿਸ ਨੂੰ ਵੇਖਦੇ ਹੋਏ ਬੁਖਲਾਏ ਸਮੱਗਲਰਾਂ ਨੇ ਵੀ ਆਪਣਾ ਪੈਂਤੜਾ ਬਦਲਿਆ ਅਤੇ ਅਜਿਹਾ ਰੂਟ ਅਪਨਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਕਿਸੇ ਦਾ ਸ਼ੱਕ ਨਾ ਹੋਵੇ ਕਿਉਂਕਿ ਆਮ ਤੌਰ ’ਤੇ ਪਾਕਿਸਤਾਨ ਤੋਂ ਆਯਾਤ ਵਸਤਾਂ ਵਿਚ ਹੈਰੋਇਨ ਦੀ ਖੇਪ ਨੂੰ ਅੰਮਿ੍ਰਤਸਰ ਰੇਲ ਕਾਰਗੋ ’ਤੇ ਆਉਣ ਵਾਲੀ ਪਾਕਿਸਤਾਨੀ ਮਾਲ ਗੱਡੀ ’ਚੋਂ ਕਈ ਵਾਰ ਫ਼ਡ਼ਿਆ ਜਾ ਚੁੱਕਿਆ ਹੈ ਪਰ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਸੇਬ ਦੀਆਂ ਪੇਟੀਆਂ ’ਚੋਂ ਕਦੇ ਸੋਨਾ ਨਹੀਂ ਫ਼ਡ਼ਿਆ ਗਿਆ ਸੀ ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਏਅਰ ਕਾਰਗੋ ’ਤੇ ਟੂਟੀਆਂ ਰਾਹੀਂ ਵੀ ਸਮੱਗਲਰਾਂ ਨੇ ਭੇਜਿਆ ਸੀ ਕਰੋੜਾਂ ਦਾ ਸੋਨਾ
ਐੱਸ. ਜੀ. ਆਰ. ਡੀ. ਏਅਰਪੋਰਟ ਦੇ ਏਅਰ ਕਾਰਗੋ ’ਤੇ ਡੀ. ਆਰ. ਆਈ. ਦੀ ਟੀਮ ਨੇ ਪਾਣੀ ਦੀਆਂ ਟੂਟੀਆਂ ’ਚੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਸੀ । ਏਅਰਪੋਰਟ ’ਤੇ ਕਸਟਮ ਵਿਭਾਗ ਵਲੋਂ ਕੀਤੀ ਗਈ ਸਖ਼ਤੀ ਕਾਰਣ ਸਮੱਗਲਰਾਂ ਨੇ ਗੁਦਾਂ ’ਚ ਸੋਨਾ ਲੁਕਾਉਣ ਦੇ ਰਵਾਇਤੀ ਢੰਗ ਅਤੇ ਸਾਮਾਨ ’ਚ ਬਰੀਕੀ ਨਾਲ ਸੋਨਾ ਲੁਕਾਉਣ ਦੇ ਰਵਾਇਤੀ ਤਰੀਕੇ ਨੂੰ ਫ਼ੇਲ ਹੁੰਦਾ ਵੇਖ ਟੂਟੀਆਂ ’ਚ ਏਅਰ ਕਾਰਗੋ ਰਾਹੀਂ ਸੋਨਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਡੀ. ਆਰ. ਆਈ. ਨੇ ਉਸਨੂੰ ਫੇਲ੍ਹ ਕਰ ਦਿੱਤਾ। ਹਾਲਾਂਕਿ ਇਹ ਮਾਮਲਾ ਵੀ ਇਕ ਨੌਜਵਾਨ ਤਕ ਹੀ ਸੀਮਿਤ ਰਿਹਾ, ਜਦੋਂ ਕਿ ਇਸਦੇ ਪਿੱਛੇ ਮਾਸਟਰਮਾਈਡ ਰੇਲਵੇ ਸਟੇਸ਼ਨ ਅੰਮਿ੍ਰਤਸਰ ਦੇ ਬਾਹਰ ਕੰਮ ਕਰਨ ਵਾਲੇ ਕੁੱਝ ਕਾਰੋਬਾਰੀ ਸਨ ।
ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਬਿਨਾਂ ਟਰੱਕ ਸਕੈਨਰ ਪਾਕਿਸਤਾਨ ਤੋਂ ਦਰਾਮਦ ਵਸਤੂਆਂ ਨੂੰ ਸਕੈਨ ਕਰ ਰਹੀ ਹੈ ਕਸਟਮ ਟੀਮ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਦਰਾਮਦ ਵਸਤੂਆਂ ਦੀ ਚੈਕਿੰਗ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਕੇਂਦਰ ਸਰਕਾਰ ਦੇ ਐੱਲ. ਪੀ. ਏ. ਆਈ. ਦੀ ਲਾਪ੍ਰਵਾਹੀ ਕਾਰਣ ਆਈ. ਸੀ. ਪੀ. ਦੀ ਉਸਾਰੀ ਦੇ ਅੱਠ ਸਾਲ ਬਾਅਦ ਵੀ ਇੱਥੇ ਟਰੱਕ ਸਕੈਨਰ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਿਆ ਹੈ, ਜਿਸ ਕਾਰਣ ਕਸਟਮ ਵਿਭਾਗ ਦੀ ਟੀਮ ਨੂੰ ਬਿਨਾਂ ਟਰੱਕ ਸਕੈਨਰ ਹੀ ਪਾਕਿਸਤਾਨ ਤੋਂ ਦਰਾਮਦ ਵਸਤੂਆਂ ਦੀ ਚੈਕਿੰਗ ਕਰਨੀ ਪੈ ਰਹੀ ਹੈ। ਹਾਲਤ ਇਹ ਹੈ ਕਿ ਕਸਟਮ ਵਿਭਾਗ ਦੀ ਟੀਮ ਅੱਜ ਵੀ ਰਵਾਇਤੀ ਤਰੀਕੇ ਨਾਲ ਮੈਨੂਅਲੀ ਡਰਾਈਫਰੂਟ , ਪਿਆਜ਼ ਅਤੇ ਹੋਰ ਅਫਗਾਨੀ ਵਸਤਾਂ ਦੀ ਚੈਕਿੰਗ ਕਰ ਰਹੀ ਹੈ । ਬੋਰੀਆਂ ਵਿਚ ਲੋਹੇ ਦੀ ਰਾਡ ਵਾਡ਼ ਕੇ ਇਹ ਪਤਾ ਕੀਤਾ ਜਾਂਦਾ ਹੈ ਕਿ ਇਸ ਵਿਚ ਕੋਈ ਇਤਰਾਜ਼ਯੋਗ ਚੀਜ਼ ਤਾਂ ਨਹੀਂ ਹੈ। ਹਾਲਾਂਕਿ ਅਜੇ ਤਕ ਆਈ. ਸੀ. ਪੀ. ਅਟਾਰੀ ਵਿਚ ਸਡ਼ਕ ਰਸਤੇ ਦੋ ਕਿਲੋ ਹੈਰੋਇਨ ਫੜੇ ਜਾਣ ਦਾ ਹੀ ਇਕਲੌਤਾ ਕੇਸ ਬਣਿਆ ਸੀ। ਇਹ ਖੇਪ ਵੀ ਪਾਕਿਸਤਾਨ ਜਾਣ ਵਾਲੇ ਇਕ ਟਰੱਕ ਚਾਲਕ ਨੇ ਆਪਣੇ ਟਰੱਕ ਵਿਚ ਲੁਕਾ ਕੇ ਲਿਆਂਦੀ ਸੀ । ਸੁਰੱਖਿਆ ਏਜੰਸੀਆਂ ਕਈ ਵਾਰ ਕੇਂਦਰ ਸਰਕਾਰ ਨੂੰ ਅਪੀਲ ਕਰ ਚੁੱਕੀਆਂ ਹਨ ਕਿ ਆਈ. ਸੀ. ਪੀ. ’ਤੇ ਟਰੱਕ ਸਕੈਨਰ ਠੀਕ ਕਰਵਾਇਆ ਜਾਵੇ ਪਰ ਅਜੇ ਤਕ ਟਰੱਕ ਸਕੈਨਰ ਕੰਮ ਕਰਨ ਦੀ ਹਾਲਤ ਵਿਚ ਨਹੀਂ ਹੈ। ਹਾਲਾਂਕਿ ਐੱਲ. ਪੀ. ਏ. ਆਈ. ਦਾ ਦਾਅਵਾ ਹੈ ਕਿ ਟਰੱਕ ਸਕੈਨਰ ਠੀਕ ਹੈ ਪਰ ਕਸਟਮ ਵਿਭਾਗ ਨੇ ਇਸਨੂੰ ਨਾਕਾਰ ਦਿੱਤਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਭੰਡਣ ਦੀ ਥਾਂ ਫਾਰਮ ਹਾਊਸ ’ਚੋਂ ਬਾਹਰ ਆ ਕੇ ਮੋਦੀ ਨਾਲ ਗੱਲ ਕਰਨ ਕੈਪਟਨ : ਚੱਢਾ
ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨੇ ਹੈਰੋਇਨ ਭੇਜਣ ਲਈ ਵਰਤੀਆਂ ਸੇਬ ਦੀਆਂ ਪੇਟੀਆਂ
ਪਿਛਲੇ ਸਾਲਾਂ ਦੌਰਾਨ ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਨੇ ਅੱਤਵਾਦੀ ਹਮਲਿਆਂ ਦੇ ਨਾਲ-ਨਾਲ ਹੈਰੋਇਨ ਦੀ ਸਪਲਾਈ ਵੀ ਸ਼ੁਰੂ ਕੀਤੀ ਅਤੇ ਕਈ ਵਾਰ ਸੇਬ ਦੀਆਂ ਪੇਟੀਆਂ ਵਿਚ ਹੀ ਹੈਰੋਇਨ ਦੀ ਖੇਪ ਭੇਜੀ । ਦਿੱਲੀ ਦੀ ਆਜ਼ਾਦ ਮੰਡੀ ਅਤੇ ਹੋਰ ਥਾਵਾਂ ’ਤੇ ਸੁਰੱਖਿਆ ਏਜੰਸੀਆਂ ਨੇ ਸੇਬ ਦੀਆਂ ਪੇਟੀਆਂ ਵਿਚੋਂ ਹੀ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ ਸੀ।
ਸੰਸਦ ਮੈਂਬਰ ਔਜਲਾ ਨੇ ਵੀ ਰਿਪੋਰਟ ’ਚ ਲਿਖਿਆ ਸੀ ਕਿ ਸੁਰੱਖਿਆ ਨਾਲ ਹੋ ਰਿਹੈ ਖਿਲਵਾੜ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਟਰੱਕ ਸਕੈਨਰ ਨਾ ਹੋਣ ਦੇ ਮੁੱਦੇ ਨੂੰ ਅੰਮਿ੍ਰਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕੇਂਦਰ ਸਰਕਾਰ ਸਾਹਮਣੇ ਰੱਖਿਆ ਗਿਆ ਅਤੇ ਕਿਹਾ ਗਿਆ ਕਿ ਸਕੈਨਰ ਨਾ ਹੋਣ ਕਾਰਣ ਸੁਰੱਖਿਆ ਨਾਲ ਖਿਲਵਾਡ਼ ਹੋ ਰਿਹਾ ਹੈ ਪਰ ਇਸਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਜਦੋਂ ਕਿ ਸੋਨੇ ਦੀ ਇੰਨੀ ਵੱਡੀ ਖੇਪ ਫਡ਼ੇ ਜਾਣ ਤੋਂ ਬਾਅਦ ਇਸ ਆਈ. ਸੀ. ਪੀ. ਤੋਂ ਹੈਰੋਇਨ ਦੀ ਸਭ ਤੋਂ ਵੱਡੀ ਖੇਪ 532 ਕਿਲੋ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫਡ਼ੀ ਜਾ ਚੁੱਕੀ ਹੈ।
ਆਈ. ਸੀ. ਪੀ. ’ਤੇ ਕੋਈ ਨਾ ਕੋਈ ਕਾਲੀ ਭੇਡ ਮੌਜੂਦ
ਜਿਸ ਤਰ੍ਹਾਂ ਆਈ. ਸੀ. ਪੀ. ’ਤੇ ਸੋਨੇ ਦੀ ਸਭ ਤੋਂ ਵੱਡੀ ਖੇਪ ਅਤੇ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਫਡ਼ੀ ਜਾ ਚੁੱਕੀ ਹੈ, ਉਸ ਤੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਈ. ਸੀ. ਪੀ. ’ਤੇ ਕੋਈ ਨਾ ਕੋਈ ਕਾਲੀ ਭੇਡ ਜ਼ਰੂਰ ਹੈ, ਜੋ ਸਮੱਗਲਰਾਂ ਦਾ ਸਾਥ ਦੇ ਰਹੀ ਹੈ । ਕਸਟਮ ਵਿਭਾਗ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਕੁਝ ਅਧਿਕਾਰੀ ਸਮੱਗਲਰਾਂ ਦਾ ਸਾਥ ਦਿੰਦੇ ਹੋਏ ਫਡ਼ੇ ਵੀ ਜਾ ਚੁੱਕੇ ਹਨ।