ਚੀਫ ਖਾਲਸਾ ਦੀਵਾਨ 'ਚ ਚੱਢਾ ਗਰੁੱਪ ਦੇ ਕਾਰਜਕਾਲ ਸਮੇਂ ਹੋਇਆ ਵੱਡਾ ਘਪਲਾ

06/30/2019 9:23:57 AM

ਅੰਮ੍ਰਿਤਸਰ (ਮਮਤਾ) : ਚੀਫ ਖਾਲਸਾ ਦੀਵਾਨ ਵਿਚ ਚੱਢਾ ਗਰੁੱਪ ਦੇ ਕਾਰਜਕਾਲ ਸਮੇਂ ਪਿਛਲੇ 5 ਸਾਲਾਂ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਵੇਚੀਆਂ ਗਈਆਂ ਕਿਤਾਬਾਂ ਵਿਚ 60 ਕਰੋੜ ਦਾ ਘਪਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਅੱਜ ਚੀਫ ਖਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ, ਜਿਸ ਵਿਚ ਕੁੱਲ 32 ਮੈਂਬਰ ਹਾਜ਼ਰ ਸਨ। ਮੀਟਿੰਗ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਹੋਈ। ਮੀਟਿੰਗ ਦੀ ਆਰੰਭਤਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵਲੋਂ ਮੀਟਿੰਗਾਂ ਦਾ ਏਜੰਡਾ ਪੇਸ਼ ਕਰ ਕੇ ਕੀਤਾ ਗਿਆ। ਇਸ ਦੌਰਾਨ ਜਿੱਥੇ ਹੋਰਨਾਂ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਹੀ ਕਿਤਾਬਾਂ ਵਿਚ ਘਪਲੇਬਾਜ਼ੀ ਦਾ ਮੁੱਦਾ ਪੂਰੀ ਮੀਟਿੰਗ ਵਿਚ ਛਾਇਆ ਰਿਹਾ। ਕਿਤਾਬਾਂ ਸਬੰਧੀ ਮੁੱਦੇ 'ਤੇ ਵਿਸਥਾਰਪੂਰਵਕ ਰੋਸ਼ਨੀ ਪਾਉਂਦਿਆਂ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ 5 ਮੈਂਬਰੀ ਕਮੇਟੀ ਦੀ ਰਿਪੋਰਟ ਅਨੁਸਾਰ ਸਾਲ 2017 ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਜੋ ਕਿਤਾਬਾਂ ਵੇਚੀਆਂ ਗਈਆਂ, ਉਸ ਵਿਚ ਘਪਲੇਬਾਜ਼ੀ ਦਾ ਹਿਸਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿਚ ਨਰਸਰੀ ਤੋਂ 12ਵੀਂ ਤੱਕ ਦੀਆਂ ਕਿਤਾਬਾਂ ਦਾ ਠੇਕਾ ਦਿੱਲੀ ਦੀ ਇਕ ਫਰਮ ਮਿੱਤਲ ਐਂਡ ਕੰਪਨੀ ਨੂੰ 16 ਕਰੋੜ 55 ਲੱਖ 73 ਹਜ਼ਾਰ 547 ਰੁਪਏ ਵਿਚ ਦਿੱਤਾ ਗਿਆ, ਜਦੋਂ ਕਿ ਮੌਜੂਦਾ ਕਮੇਟੀ ਵਲੋਂ ਸਾਲ 2019 ਵਿਚ ਜੋ ਕਿਤਾਬਾਂ ਬੱਚਿਆਂ ਨੂੰ ਵੇਚੀਆਂ ਗਈਆਂ 4 ਕਰੋੜ 68 ਲੱਖ 31 ਹਜ਼ਾਰ 133 ਰੁਪਏ ਦੀਆਂ ਬਣਦੀਆਂ ਹਨ। ਪ੍ਰਧਾਨ ਨਿਰਮਲ ਸਿੰਘ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਸਾਬਕਾ ਕਮੇਟੀ ਵਲੋਂ 11 ਕਰੋੜ 87 ਲੱਖ 42 ਹਜ਼ਾਰ 414 ਰੁਪਏ, ਇਕ ਸਾਲ ਵਿਚ ਦਿੱਲੀ ਦੀ ਫਰਮ ਮਿੱਤਲ ਐਂਡ ਕੰਪਨੀ ਨੂੰ ਦਿੱਤੇ ਗਏ ਅਤੇ ਇਸ ਤਰ੍ਹਾਂ ਪਿਛਲੇ 5 ਸਾਲਾਂ ਵਿਚ ਲਗਭਗ 60 ਕਰੋੜ ਦੀ ਘਪਲੇਬਾਜ਼ੀ ਸਾਹਮਣੇ ਆਈ। ਮੀਟਿੰਗ ਵਿਚ ਦੂਸਰੀ ਮੱਧ ਤਹਿਤ ਕਾਰਜਸਾਧਕ ਕਮੇਟੀ ਵਲੋਂ 12 ਜੂਨ 2011 ਨੂੰ ਕਾਹਨਪੁਰ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿਚ ਫੁਟਕਲ ਤਹਿਤ ਗੈਰ ਸੰਵਿਧਾਨਕ ਫੈਸਲਿਆਂ ਸਬੰਧੀ ਗਠਿਤ 7 ਮੈਂਬਰੀ ਕਮੇਟੀ ਦੀ ਰਿਪੋਰਟ 'ਤੇ ਵਿਚਾਰ ਕੀਤਾ ਗਿਆ, ਜਿਸ ਵਿਚ ਉਪਰੋਕਤ ਮੀਟਿੰਗ ਵਿਚ ਇਕ ਗਿਣੀ ਮਿੱਥੀ ਚਾਲ ਤਹਿਤ ਉਸ ਮੀਟਿੰਗ ਵਿਚ ਲਏ ਗਏ ਫੈਸਲਿਆਂ ਨੂੰ ਸੰਵਿਧਾਨ ਦਾ ਉਲੰਘਣ ਕਰਾਰ ਦਿੱਤਾ।

ਮੀਟਿੰਗ ਵਿਚ 2 ਦਸੰਬਰ 2018 ਨੂੰ ਚੀਫ ਖਾਲਸਾ ਦੀਵਾਨ ਦੀਆਂ ਹੋਣ ਵਾਲੀਆਂ ਚੋਣਾਂ ਲਈ ਮੈਂਬਰ ਹਰਜੀਤ ਸਿੰਘ ਸਚਦੇਵਾ ਵਲੋਂ ਕੋਰਟ ਵਿਚ ਸਟੇਅ ਲੈ ਕੇ ਜੋ ਸਮਾਂ ਅਤੇ ਪੈਸਾ ਬਰਬਾਦ ਕੀਤਾ ਗਿਆ ਉਸ ਸਬੰਧੀ ਸਚਦੇਵਾ ਵਲੋਂ ਚੀਫ ਖਾਲਸਾ ਦੀਵਾਨ ਤੋਂ ਆਪਣੀ ਗਲਤੀ ਲਈ ਲਿਖਤੀ ਮੁਆਫੀ ਮੰਗੀ ਗਈ ਅਤੇ ਨਾਲ ਹੀ ਇਹ ਸਵੀਕਾਰਿਆ ਗਿਆ ਕਿ 2011 ਵਿਚ ਕਾਹਨਪੁਰ ਵਿਖੇ ਹੋਈ ਮੀਟਿੰਗ ਵਿਚ ਉਨ੍ਹਾਂ ਦੇ ਪੁੱਤਰ ਨੂੰ ਅਯੋਗ ਹੋਣ ਦੇ ਬਾਵਜੂਦ ਵੀ ਦੀਵਾਨ ਦਾ ਮੈਂਬਰ ਬਣਾਇਆ ਗਿਆ। ਇਸ ਮੌਕੇ ਭਾਗ ਸਿੰਘ ਅਣਖੀ ਵਲੋਂ ਕਿਹਾ ਗਿਆ ਕਿ ਜੇਕਰ ਸਚਦੇਵਾ ਵਲੋਂ ਆਪਣੇ ਪੁੱਤਰ ਦਾ ਅਸਤੀਫਾ ਦੀਵਾਨ ਕੋਲ ਪੇਸ਼ ਕੀਤਾ ਜਾਂਦਾ ਹੈ ਤਾਂ ਦੀਵਾਨ ਵਲੋਂ ਉਨ੍ਹਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਅਕਾਲ ਚਲਾਣਾ ਕਰ ਚੁੱਕੇ ਮੈਂਬਰ ਸਹਿਬਾਨਾਂ ਦੇ ਪਰਿਵਾਰਾ ਵਿਚੋ ਪੂਰਨ ਗੁਰਸਿੱਖਾਂ ਨੂੰ ਮੈਂਬਰ ਲੈਣ ਸਬੰਧੀ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਗਰੀਬ ਪਰਿਵਾਰਾਂ ਦੇ ਪੂਰਨ ਗੁਰਸਿੱਖ ਵਿੱਦਿਆਰਥੀਆਂ ਨੂੰ ਜਿਨ੍ਹਾਂ ਨੂੰ ਆਰਥਿਕ ਤੰਗੀ ਕਾਰਣ ਦਾਖਲਾ ਨਹੀਂ ਮਿਲਿਆ, ਨੂੰ ਦੀਵਾਨ ਦੀ ਕਮੇਟੀ ਵਲੋਂ ਅਗਲੇਰੀ ਪੜ੍ਹਾਈ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਮੀਟਿੰਗ ਵਿਚ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਮੀਤ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਵਿਕਰਾਂਤ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਆਨਰੇਰੀ ਸਕੱਤਰ ਐਜੂਕੇਸ਼ਨ ਕਮੇਟੀ ਡਾ. ਜਸਵਿੰਦਰ ਸਿੰਘ ਢਿੱਲੋਂ, ਵਧੀਕ ਸਕੱਤਰ ਅਵਤਾਰ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਹਰਭਜਨ ਸਿੰਘ ਬੰਗਾ ਅਤੇ ਆਨਰੇਰੀ ਜੁਆਇੰਟ ਸਕੱਤਰ ਇੰਜੀਨੀਅਰ ਜਸਪਾਲ ਸਿੰਘ ਤੇ ਰਜਿੰਦਰ ਸਿੰਘ ਮਰਵਾਹਾ ਆਦਿ ਮੈਂਬਰ ਸਾਹਿਬਾਨ ਹਾਜ਼ਰ ਸਨ।


Baljeet Kaur

Content Editor

Related News