ਅੰਮ੍ਰਿਤਸਰ ਹਮਲੇ ਤੋਂ ਬਾਅਦ ਕਮਿਸ਼ਨਰੇਟ ਪੁਲਸ ਹੋਈ ਅਲਰਟ

Monday, Nov 19, 2018 - 12:18 PM (IST)

ਅੰਮ੍ਰਿਤਸਰ ਹਮਲੇ ਤੋਂ ਬਾਅਦ ਕਮਿਸ਼ਨਰੇਟ ਪੁਲਸ ਹੋਈ ਅਲਰਟ

ਜਲੰਧਰ (ਵਰੁਣ,ਸੁਧੀਰ)— ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਜਲੰਧਰ 'ਚ ਵੀ ਪੁਲਸ ਚੌਕਸ ਹੋ ਗਈ ਹੈ। ਘਟਨਾ ਨੂੰ ਧਿਆਨ 'ਚ ਰੱਖਦੇ ਹੋਏ ਜਲੰਧਰ ਦੇ ਪਟੇਲ ਚੌਕ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਪੁਲਸ ਦੀ ਚੌਕਸੀ ਵਧਾ ਦਿੱਤੀ ਗਈ ਹੈ। ਹਰ ਪਾਸੇ ਚੱਪੇ-ਚੱਪੇ 'ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਹਾਈ ਅਲਰਟ ਦੌਰਾਨ ਕਮਿਸ਼ਨਰੇਟ ਪੁਲਸ ਨੇ ਪੂਰਨ ਤੌਰ 'ਤੇ ਸ਼ਹਿਰ ਨੂੰ ਸੀਲ ਕਰਕੇ ਨਾਕਾਬੰਦੀ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਹਾਈ ਅਲਰਟ ਦੌਰਾਨ ਪੁਲਸ ਅਧਿਕਾਰੀ ਵੀ ਖੁਦ ਫੀਲਡ 'ਚ ਰਹੇ। ਏ. ਡੀ. ਸੀ. ਪੀ. ਸਿਟੀ 1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਅੰਮ੍ਰਿਤਸਰ 'ਚ ਹੋਏ ਨਿਰੰਕਾਰੀ ਭਵਨ 'ਚ ਹਮਲੇ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਚੌਕਸੀ ਵਰਤਦੇ ਹੋਏ ਏ. ਸੀ. ਪੀ. ਸਤਿੰਦਰ ਚੱਢਾ ਦੀ ਅਗਵਾਈ 'ਚ ਸ਼ਹਿਰ 'ਚ ਪਟੇਲ ਚੌਕ ਤੇ ਚੌਗਿੱਟੀ ਪ੍ਰਤਾਪ ਪੈਲੇਸ ਦੇ ਕੋਲ ਸਥਿਤ ਨਿਰੰਕਾਰੀ ਭਵਨ ਬਾਹਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਬਾਹਰ ਵੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਸ਼ਹਿਰ 'ਚ ਲੱਗਣ ਵਾਲੇ ਸੰਡੇ ਬਾਜ਼ਾਰ ਅਤੇ ਜੋਤੀ ਚੌਕ ਕੋਲ ਆਲੇ ਦੁਆਲੇ ਖੁਦ ਏ. ਡੀ. ਸੀ ਪੀ. ਸਿਟੀ 1 ਪਰਮਿੰਦਰ ਸਿੰਘ ਭੰਡਾਲ ਪੁਲਸ ਫੋਰਸ ਸਮੇਤ ਪਹੁੰਚੇ ਜਿਨ੍ਹਾਂ ਨਾਲ ਉਨ੍ਹਾਂ ਨੇ ਸ਼ਹਿਰ ਦੇ ਸੰਡੇ ਬਾਜ਼ਾਰ 'ਚ ਫੁੱਟ ਪੈਟਰੋਲਿੰਗ ਕਰਕੇ ਚੈਕਿੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਮਹੱਤਵਪੂਰਨ ਸਥਾਨਾਂ 'ਤੇ ਥਾਣਾ ਮੁਖੀਆਂ ਨੂੰ ਵਿਸ਼ੇਸ਼ ਨਾਕਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਪੀ. ਸੀ. ਆਰ. ਕਰਮਚਾਰੀਆਂ ਨੂੰ ਵੀ ਸ਼ਹਿਰ 'ਚ ਪੈਟਰੋਲਿੰਗ ਕਰਨ ਅਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। 

PunjabKesari
ਉਨ੍ਹਾਂ ਦੱਸਿਆ ਕਿ ਹਾਈ ਅਲਰਟ ਦੌਰਾਨ ਕਮਿਸ਼ਨਰੇਟ ਪੁਲਸ ਨੇ ਨਾਕਾਬੰਦੀ ਕਰਕੇ ਕਈ ਵਾਹਨਾਂ ਦੀ ਤਲਾਸ਼ੀ ਲਈ ਅਤੇ ਕਈ ਵਾਹਨਾਂ ਦੇ ਪੁਲਸ ਨੇ ਚਲਾਨ ਵੀ ਕੱਟੇ। ਇਸ ਦੇ ਨਾਲ ਹੀ ਪੁਲਸ ਨੇ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਹੋਰ ਥਾਵਾਂ 'ਤੇ ਸਰਚ ਮੁਹਿੰਮ ਚਲਾਈ ਅਤੇ ਮੁਸਾਫਿਰਾਂ ਦੇ ਸਾਮਾਨ ਅਤੇ ਡਾਗ ਸਕੁਐਡ ਨਾਲ ਚੈਕਿੰਗ ਕੀਤੀ। ਏ. ਡੀ. ਸੀ. ਪੀ. ਸਿਟੀ 1 ਪਰਮਿੰਦਰ ਸਿੰਘ ਭੰਡਾਲ ਨੇ ਲੋਕਾਂ ਕੋਲੋਂ ਸ਼ੱਕੀ ਵਸਤੂ ਅਤੇ ਸ਼ੱਕੀ ਲੋਕਾਂ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ 'ਚ ਦੇਣ ਦੀ ਅਪੀਲ ਕੀਤੀ।

ਦੱਸ ਦੇਈਏ ਕਿ ਐਤਵਾਰ ਸਵੇਰੇ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਨਿਰੰਕਾਰੀ ਭਵਨ 'ਚ ਸਤਿਸੰਗ ਦੌਰਾਨ ਦੋ ਨੌਜਵਾਨਾਂ ਵੱਲੋਂ ਗ੍ਰੇਨੇਡ ਬੰਬ ਧਮਾਕਾ ਕਰ ਦਿੱਤਾ ਗਿਆ। ਇਸ ਘਟਨਾ 'ਚ 3 ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ ਕਰੀਬ 20 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਅਤੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


author

shivani attri

Content Editor

Related News