ਅੰਮ੍ਰਿਤਸਰ ਹਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

Sunday, Nov 18, 2018 - 06:28 PM (IST)

ਅੰਮ੍ਰਿਤਸਰ ਹਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ਲੁਧਿਆਣਾ/ਅੰਮ੍ਰਿਤਸਰ— ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਨਿਰੰਕਾਰੀਆਂ ਦੇ ਸਮਾਗਮ ਦੌਰਾਨ ਹੋਏ ਬੰਬ ਧਮਾਕੇ ਨੂੰ ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੰਦੇ ਹੋਏ ਇਸ ਘਟਨਾ ਨੂੰ ਬਰਗਾੜੀ ਮੋਰਚੇ ਨਾਲ ਜੋੜਿਆ ਹੈ। ਹਮਲੇ ਦੀ ਨਿੰਦਾ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਰਗਾੜੀ ਵਿਖੇ ਬਾਬਾ ਦੇ ਚੋਲੇ 'ਚ ਬੈਠੇ ਲੋਕਾਂ ਵੱਲੋਂ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਰਗਾੜੀ ਮੋਰਚੇ 'ਤੇ ਬੈਠੇ ਬਲਜੀਤ ਸਿੰਘ ਦਾਦੂਵਾਲ 2020 ਵਾਲਿਆਂ ਦੇ ਏਜੰਟ ਹਨ। ਉਨ੍ਹਾਂ ਨੇ ਕਿਹਾ ਕਿ ਬਾਹਰਲੀਆਂ ਏਜੰਸੀਆਂ ਦੇ ਇਰਾਦਿਆਂ ਨੂੰ ਨਾਕਾਮ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਦਾਦੂਵਾਲ ਤੋਂ ਬੱਚਣ ਦੀ ਅਪੀਲ ਕੀਤੀ। 

ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਹਮਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸਖਤੀ ਨਾਲ ਨਜਿੱਠਣ ਲਈ ਕਹਿਣਗੇ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਰਾਜਾਸਾਂਸੀ 'ਚ ਨਿਰੰਕਾਰੀ ਭਵਨ 'ਚ ਸਤਿਸੰਗ ਦੌਰਾਨ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੌਕ 'ਤੇ ਡੇਰੇ ਅੰਦਰ ਦਾਖਲ ਹੋ ਕੇ ਗ੍ਰੇਨੇਡ ਹਮਲਾ ਕਰ ਦਿੱਤਾ। ਇਸ ਘਟਨਾ 'ਚ 3 ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ ਕਰੀਬ 20 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਸਮੇਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Related News